ਲਖਨਊ: ਉੱਤਰ ਪ੍ਰਦੇਸ਼ ਦੇ ਬਲਿਆ 'ਚ ਇੱਕ ਮੁਸਲਿਮ ਔਰਤ ਨੂੰ ਪ੍ਰਧਾਨ ਮੰਤਰੀ ਮੋਦੀ ਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਦੀ ਪੇਂਟਿੰਗ ਬਣਾਉਣੀ ਕਾਫੀ ਮਹਿੰਗੀ ਪੈ ਗਈ। ਪੁਲਿਸ ਮੁਤਾਬਕ ਸਿਕੰਦਰਪੁਰ ਥਾਣਾ ਖੇਤਰ ਦੀ ਮੁਸਲਿਮ ਔਰਤ ਨੇ ਆਪਣੇ ਸ਼ੌਕ ਲਈ ਮੋਦੀ ਤੇ ਯੋਗੀ ਦੀ ਪੇਂਟਿੰਗ ਬਣਾਈ ਪਰ ਇਹ ਉਸ ਦੇ ਪਤੀ ਨੂੰ ਨਾਗਵਾਰ ਗੁਜ਼ਰਿਆ। ਇਸ ਪੇਂਟਿੰਗ ਲਈ ਉਸ ਨੂੰ ਕੁੱਟ ਵੀ ਖਾਣੀ ਪਈ।
ਔਰਤ ਦੇ ਇਸ ਸ਼ੌਕ ਨੂੰ ਗੁਨਾਹ ਮੰਨਿਆ ਗਿਆ ਤੇ ਉਸ ਦੇ ਪਤੀ ਸਣੇ 6 ਲੋਕਾਂ ਨੇ ਉਸ ਨੂੰ ਕੁੱਟਿਆ। ਮਾਮਲਾ ਹੁਣ ਥਾਣੇ ਪੁੱਜ ਚੁੱਕਾ ਹੈ। ਪੁਲਿਸ ਨੇ ਪਤੀ ਤੇ ਉਸ ਦੇ 5 ਰਿਸ਼ਤੇਦਾਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੀੜਤ ਔਰਤ ਦੇ ਪਿਉ ਸ਼ਮਸ਼ੇਰ ਖਾਨ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਨੇ ਬੜੇ ਸ਼ੌਕ ਨਾਲ ਮੋਦੀ ਤੇ ਯੋਗੀ ਦੀ ਪੇਂਟਿੰਗ ਬਣਾਈ ਸੀ ਪਰ ਉਸ ਨੂੰ ਇਸ ਦੀ ਵੱਡੀ ਕੀਮਤ ਚੁੱਕਾਉਣੀ ਪਈ।
ਪਿਉ ਦਾ ਦਾਅਵਾ ਹੈ ਕਿ ਸਹੁਰੇ ਘਰ ਵਾਲਿਆਂ ਨੇ ਉਨ੍ਹਾਂ ਦੀ ਬੇਟੀ ਨੂੰ ਪਹਿਲਾਂ ਕੁੱਟਿਆ ਤੇ ਫਿਰ ਘਰੋਂ ਕੱਢ ਦਿੱਤਾ। ਜ਼ਿਲ੍ਹੇ ਦੇ ਐਸਪੀ ਦਾ ਕਹਿਣਾ ਹੈ ਕਿ ਔਰਤ ਦੀ ਕੁੱਟ-ਮਾਰ ਦੇ ਮਾਮਲੇ 'ਚ 6 ਲੋਕਾਂ 'ਤੇ ਕੇਸ ਦਰਜ ਕਰ ਲਿਆ ਹੈ। ਇਸ ਦਾ ਵਿਆਹ ਪਿਛਲੇ ਸਾਲ ਹੀ ਹੋਇਆ ਸੀ।