Uttarakhand Rains: ਉੱਤਰਾਖੰਡ 'ਚ ਭਾਰੀ ਮੀਂਹ ਕਾਰਨ ਵਿਗੜਦੇ ਹਾਲਾਤ ਵਿਚਕਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ਼ਾਮ ਦੇਹਰਾਦੂਨ ਜਾਣਗੇ। ਉੱਥੇ ਗ੍ਰਹਿ ਮੰਤਰੀ ਉੱਚ ਅਧਿਕਾਰੀਆਂ ਤੇ ਰਾਹਤ ਟੀਮ 'ਚ ਸ਼ਾਮਲ ਲੋਕਾਂ ਨਾਲ ਉੱਚ ਪੱਧਰੀ ਮੀਟਿੰਗ ਕਰਨਗੇ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਐਨਡੀਆਰਐਫ ਦੇ ਅਧਿਕਾਰੀ ਵੀ ਮੀਟਿੰਗ 'ਚ ਮੌਜੂਦ ਰਹਿਣਗੇ। ਭਲਕੇ ਅਮਿਤ ਸ਼ਾਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਵੀ ਕਰਨਗੇ।
ਮੰਗਲਵਾਰ ਨੂੰ ਉਤਰਾਖੰਡ ਦੇ ਕੁਮਾਊਂ ਖੇਤਰ 'ਚ ਭਾਰੀ ਮੀਂਹ ਕਾਰਨ 42 ਹੋਰ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਘਰ ਢਹਿ ਗਏ ਸਨ। ਕਈ ਲੋਕ ਅਜੇ ਵੀ ਮਲਬੇ ਹੇਠ ਫਸੇ ਹੋਏ ਹਨ। ਇਸ ਦੇ ਨਾਲ ਮੀਂਹ ਨਾਲ ਜੁੜੀਆਂ ਘਟਨਾਵਾਂ 'ਚ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 47 ਹੋ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਖਰਾਬ ਮੌਸਮ ਵਿਚਕਾਰ ਕਈ ਘੰਟਿਆਂ ਦੀ ਜੱਦੋ-ਜ਼ਹਿਦ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਨੈਨੀਤਾਲ ਨਾਲ ਸੰਪਰਕ ਬਹਾਲ ਹੋ ਗਿਆ। ਕੁਮਾਊਂ ਖੇਤਰ 'ਚ 42 ਹੋਰ ਲੋਕਾਂ ਦੀ ਮੌਤ ਦੇ ਨਾਲ ਸੋਮਵਾਰ ਨੂੰ 5 ਲੋਕਾਂ ਦੀ ਮੌਤ ਕਾਰਨ ਇਸ ਤਬਾਹੀ ਕਾਰਨ ਮਰਨ ਵਾਲਿਆਂ ਦੀ ਗਿਣਤੀ 47 ਹੋ ਗਈ ਹੈ।
ਡੀਆਈਜੀ ਨਿਲੇਸ਼ ਆਨੰਦ ਭਾਰਨੇ ਨੇ ਕਿਹਾ, "ਕੁਮਾਊਂ ਖੇਤਰ 'ਚ ਮਰਨ ਵਾਲਿਆਂ ਦੀ ਗਿਣਤੀ 42 ਤੋਂ ਪਾਰ ਹੋ ਗਈ ਹੈ।" ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ 42 ਮੌਤਾਂ 'ਚੋਂ ਨੈਨੀਤਾਲ ਜ਼ਿਲ੍ਹੇ 'ਚ 28 ਲੋਕਾਂ ਦੀ ਮੌਤ ਹੋਈ, ਅਲਮੋੜਾ ਤੇ ਚੰਪਾਵਤ ਜ਼ਿਲ੍ਹਿਆਂ 'ਚ 6-6, ਪਿਥੌਰਾਗੜ੍ਹ ਅਤੇ ਊਧਮ ਸਿੰਘ ਨਗਰ ਜ਼ਿਲ੍ਹੇ 'ਚ 1-1 ਦੀ ਮੌਤ ਹੋਈ ਹੈ। ਮੁੱਖ ਮੰਤਰੀ ਧਾਮੀ ਨੇ ਮੀਂਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ ਤੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪਿਛਲੇ ਦੋ ਦਿਨਾਂ 'ਚ ਸੂਬਿਆਂ 'ਚ ਮੀਂਹ ਨਾਲ ਸਬੰਧਤ ਘਟਨਾਵਾਂ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਧਾਮੀ ਨਾਲ ਫ਼ੋਨ 'ਤੇ ਗੱਲ ਕੀਤੀ ਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਪੁਲਿਸ ਦੇ ਡਾਇਰੈਕਟਰ ਜਨਰਲ ਅਸ਼ੋਕ ਕੁਮਾਰ, ਜੋ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਨਾਲ ਕੁਮਾਊਂ ਖੇਤਰ 'ਚ ਮੀਂਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਆਏ ਸਨ, ਨੇ ਕਿਹਾ ਕਿ ਨੈਨੀਤਾਲ ਦੇ ਕਾਠਗੋਦਾਮ ਅਤੇ ਲਾਲਕੁਆਨ ਤੇ ਊਧਮ ਸਿੰਘ ਨਗਰ ਦੇ ਰੁਦਰਪੁਰ 'ਚ ਸੜਕਾਂ, ਪੁਲਾਂ ਤੇ ਰੇਲ ਪਟੜੀਆਂ ਨੂੰ ਨੁਕਸਾਨ ਪਹੁੰਚਿਆ ਹੈ। ਕੁਮਾਰ ਨੇ ਕਿਹਾ ਕਿ ਖਰਾਬ ਹੋਈਆਂ ਪਟੜੀਆਂ ਦੀ ਮੁਰੰਮਤ ਕਰਨ 'ਚ ਘੱਟੋ-ਘੱਟ ਚਾਰ-ਪੰਜ ਦਿਨ ਲੱਗਣਗੇ।