ਚੰਡੀਗੜ੍ਹ: 12 ਸਾਲ ਪਹਿਲਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲਣ ਵਾਲੀ ਰੇਲ ਸਮਝੌਤਾ ਐਕਸਪ੍ਰੈਸ ਵਿੱਚ ਵਾਪਰੇ ਬੰਬ ਧਮਾਕੇ ਦਾ ਫੈਸਲਾ ਅੱਜ ਆਉਣ ਜਾ ਰਿਹਾ ਹੈ। ਸਾਲ 2007 ਵਿੱਚ ਵਾਪਰੀ ਇਸ ਦਹਿਸ਼ਤੀ ਹਮਲੇ ਵਿੱਚ 68 ਲੋਕਾਂ ਦੀ ਮੌਤ ਹੋਈ ਸੀ। ਮਾਮਲੇ ਦੇ ਸੱਤ ਮੁਲਜ਼ਮਾਂ ਵਿੱਚੋਂ ਦੋ ਫਰਾਰ ਚੱਲ ਰਹੇ ਹਨ ਜਦਕਿ ਇੱਕ ਦੀ ਮੌਤ ਹੋ ਚੁੱਕੀ ਹੈ।

ਪੰਚਕੂਲਾ ਸਥਿਤ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਇਸ ਮਾਮਲੇ ਦੇ ਸੱਤ ਮੁਲਜ਼ਮਾਂ 'ਤੇ ਫੈਸਲਾ ਸੁਣਾਵੇਗੀ। ਮੁਲਜ਼ਮਾਂ ਵਿੱਚ ਸਵਾਮੀ ਅਸੀਮਾਨੰਦ ਵੀ ਸ਼ਾਮਲ ਹੈ ਜੋ ਇਸ ਸਮੇਂ ਜ਼ਮਾਨਤ 'ਤੇ ਰਿਹਾਅ ਹੈ, ਦੂਜੇ ਮੁਲਜ਼ਮ ਸੁਨੀਲ ਜੋਸ਼ੀ ਦੀ ਮੌਤ ਹੋ ਚੁੱਕੀ ਹੈ। ਮੁਲਜ਼ਮ ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਾਜਿੰਦਰ ਚੌਧਰੀ ਨਿਆਇਕ ਹਿਰਾਸਤ ਵਿੱਚ ਹਨ, ਜਦਕਿ ਰਾਮਚੰਦਰਾ ਸੰਦੀਪ ਡਾਂਗੇ ਤੇ ਅਮਿਤ ਫਰਾਰ ਹਨ।

  • 18 ਫਰਵਰੀ 2007- ਨੂੰ ਸਮਝੌਤਾ ਐਕਸਪ੍ਰੈੱਸ ਰੇਲ ਦੇ ਦੋ ਡੱਬਿਆਂ ਵਿੱਚ ਬੰਬ ਧਮਾਕਾ ਹੋਇਆ ਸੀ। ਉਸ ਸਮੇਂ ਟਰੇਨ ਦਿੱਲੀ ਤੋਂ ਲਾਹੌਰ ਜਾ ਰਹੀ ਸੀ ਅਤੇ ਪਾਨੀਪਤ ਦੇ ਦੀਵਾਨਾ ਰੇਲਵੇ ਸਟੇਸ਼ਨ ਨੇੜੇ ਧਮਾਕਾ ਹੋਇਆ ਸੀ। ਮਰਨ ਵਾਲਿਆਂ ਵਿੱਚ ਪਾਕਿਸਤਾਨੀ ਨਾਗਰਿਕ ਵੀ ਸ਼ਾਮਲ ਸਨ।

  • 20 ਫਰਵਰੀ 2007- ਵਾਰਦਾਤ ਹੋਣ ਮਗਰੋਂ ਹਰਿਆਣਾ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ।

  • 29 ਜੁਲਾਈ 2010- ਵਾਰਦਾਤ ਨੂੰ ਤਿੰਨ ਸਾਲ ਬਾਅਦ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਤਫਤੀਸ਼ ਸ਼ੁਰੂ ਕਰ ਦਿੱਤੀ।

  • 20 ਜੂਨ 2011- ਐੱਨਆਈਏ ਦੀ ਤਫਤੀਸ਼ ਤੋਂ ਬਾਅਦ ਪਹਿਲੀ ਚਾਰਜਸ਼ੀਟ ਫਾਈਲ ਕੀਤੀ ਗਈ। ਚਾਰਜਸ਼ੀਟ ਵਿੱਚ ਮੁਲਜ਼ਮ ਸਵਾਮੀ ਅਸੀਮਾਨੰਦ, ਲੋਕੇਸ਼ ਸ਼ਰਮਾ, ਸੁਨੀਲ ਜੋਸ਼ੀ, ਸੰਦੀਪ ਡਾਂਗੇ ਤੇ ਰਾਮਚੰਦਰ ਉਰਫ ਰਾਮਾ ਜੀ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਗਿਆ। ਚਾਰਜਸ਼ੀਟ ਵਿੱਚ ਇਨ੍ਹਾਂ 'ਤੇ ਹੱਤਿਆ ਸਾਜ਼ਿਸ਼ ਤੇ ਧਮਾਕਾਖੇਜ ਸਮੱਗਰੀ ਐਕਟ ਦੀਆਂ ਧਾਰਾਵਾਂ ਲਾਈਆਂ ਗਈਆਂ।

  • 290 ਗਵਾਹ- ਐਨਆਈਏ ਵੱਲੋਂ 290 ਗਵਾਹ ਰੱਖੇ ਗਏ ਸੀ, ਜਿਨ੍ਹਾਂ ਵਿੱਚੋਂ ਪਾਕਿਸਤਾਨੀ ਅਦਾਲਤ ਵਿੱਚ ਪੇਸ਼ੀਆਂ ਭੁਗਤਣ ਨਹੀਂ ਪਹੁੰਚੇ ਸੀ ਅਤੇ ਕਈ ਆਪਣੀ ਗਵਾਹੀ ਤੋਂ ਮੁੱਕਰ ਗਏ ਸਨ।

  • 11 ਮਾਰਚ 2019 ਨੂੰ ਇਹ ਕੇਸ ਦਾ ਨਿਬੇੜਾ ਹੋਣਾ ਹੈ ਅਤੇ ਅਦਾਲਤ ਇਸ 'ਤੇ ਫੈਸਲਾ ਸੁਣਾਵੇਗੀ।