ਨਵੀਂ ਦਿੱਲੀ: ਦੂਜੇ ਸੂਬੇ ਵਿੱਚ ਜਾ ਕੇ ਗੁਪਤ ਆਪ੍ਰੇਸ਼ਨ ਕਰਨ ਦੀ ਤਿਆਰੀ ਵਿੱਚ ਪਹੁੰਚੀ ਦਿੱਲੀ ਪੁਲਿਸ ਦੀ ਟੀਮ ਨਾਲ ਜੱਗੋਂ ਤੇਰ੍ਹਵੀਂ ਹੋ ਗਈ। ਪਿੰਡ ਵਾਲਿਆਂ ਨੇ ਪੁਲਿਸ ਵਾਲਿਆਂ ਨੂੰ ਬੱਚਾ ਚੋਰ ਗਰੋਹ ਸਮਝ ਲਿਆ ਤੇ ਘੇਰਾ ਪਾ ਲਿਆ। ਫਿਰ ਸਥਾਨਕ ਥਾਣੇ ਦੇ ਅਧਿਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਘਟਨਾ ਬੁੱਧਵਾਰ ਤੇ ਵੀਰਵਾਰ ਦਰਮਿਆਨੀ ਰਾਤ ਦੀ ਹੈ, ਜਦ ਉੱਤਰ-ਪੂਰਬੀ ਦਿੱਲੀ ਜ਼ਿਲ੍ਹੇ ਦੇ ਵੈਲਕਮ ਥਾਣੇ ਦੀ ਟੀਮ ਸਿਵਲ ਕੱਪੜਿਆਂ ਵਿੱਚ ਬਰੇਲੀ ਪਹੁੰਚ ਗਈ। ਸਾਰੇ ਮੁਲਾਜ਼ਮ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਿੱਚ ਪਿੰਡ ਭੂੜਾ ਵਿੱਚ ਪਹੁੰਚੇ। ਬਰੇਲੀ ਰੇਂਜ ਦੇ ਡੀਆਈਜੀ ਰਾਜੇਸ਼ ਪਾਂਡੇ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਰੇਲੀ ਜ਼ਿਲ੍ਹੇ ਦੇ ਭੋਜੀਪੁਰਾ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਭੂੜਾ ਵਿੱਚ ਪਹੁੰਚੀ ਸੀ। ਇੱਥੇ ਉਹ ਰਾਣੀ ਪਤਨੀ ਸ਼ਾਨੂੰ ਰਹਿੰਦੀ ਹੈ। ਇਨ੍ਹਾਂ ਖ਼ਿਲਾਫ਼ ਦਿੱਲੀ ਦੇ ਵੈਲਕਮ ਥਾਣੇ ਵਿੱਚ ਦਾਜ ਤੇ ਤਸ਼ੱਦਦ ਦਾ ਕੇਸ ਦਰਜ ਹੈ। ਦਿੱਲੀ ਪੁਲਿਸ ਇਸ ਮਾਮਲੇ ਵਿੱਚ ਰਾਣੀ ਦੇ ਘਰ ਸੰਮਣ ਪਹੁੰਚਾਉਣ ਆਈ ਸੀ।

ਇਸੇ ਦੌਰਾਨ ਬਾਹਰਲੇ ਬੰਦਿਆਂ ਨੂੰ ਪਿੰਡ ਵਾਸੀ ਇਕੱਠੇ ਹੋ ਗਏ। ਡੀਆਈਜੀ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਟੀਮ ਸਾਦੇ ਕੱਪੜਿਆਂ ਵਿੱਚ ਤੇ ਨਿੱਜੀ ਗੱਡੀ ਵਿੱਚ ਆਈ ਸੀ, ਇਸ ਲਈ ਭੀੜ ਨੂੰ ਗ਼ਲਤਫਹਿਮੀ ਹੋ ਗਈ। ਸੂਤਰਾਂ ਦੀ ਮੰਨੀਏ ਤਾਂ ਭੀੜ ਤੋਂ ਬਚਣ ਲਈ ਦਿੱਲੀ ਪੁਲਿਸ ਮੁਲਾਜ਼ਮਾਂ ਨੇ ਖ਼ੁਦ ਨੂੰ ਆਪਣੀ ਕਾਰ ਵਿੱਚ ਬੰਦ ਕਰ ਲਿਆ ਤੇ ਸਥਾਨਕ ਥਾਣੇ ਦੇ ਇੰਸਪੈਕਟਰ ਮਨੋਜ ਤਿਆਗੀ ਨੂੰ ਸੂਚਨਾ ਦਿੱਤੀ। ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦਿੱਲੀ ਪੁਲਿਸ ਵਾਲਿਆਂ ਦੇ ਸ਼ਨਾਖ਼ਤੀ ਕਾਰਡ ਵਗੈਰਾ ਦੇਖ ਕੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਦੀ ਜਾਨ ਬਚਾਈ। ਇਸ ਮਾਮਲੇ ਬਾਰੇ ਸਬੰਧਤ ਥਾਣਾ ਖੇਤਰ ਦੀ ਅਗਵਾਈ ਕਰਨ ਵਾਲੇ ਡੀਸੀਪੀ ਅਤੁਲ ਕੁਮਾਰ ਠਾਕੁਰ ਨੇ ਕੋਈ ਵਾਜਬ ਜਵਾਬ ਨਹੀਂ ਦਿੱਤਾ ਤੇ ਕਿਹਾ ਉਹ ਘਟਨਾ ਦਾ ਪਤਾ ਕਰਕੇ ਹੀ ਜਾਣਕਾਰੀ ਦੇ ਸਕਦੇ ਹਨ।