ਮੁੰਬਈ: ਸੋਸ਼ਲ ਮੀਡੀਆ 'ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਤਸਵੀਰ ਲੋਕਾਂ ਦਾ ਜਿੰਨਾ ਧਿਆਨ ਖਿੱਚ ਰਹੀ ਹੈ ਉਸ ਤੋਂ ਜ਼ਿਆਦਾ ਲੋਕ ਇਸ ਤਸਵੀਰ ਦੀ ਤਾਰੀਫ਼ ਕਰ ਰਹੇ ਹਨ। ਦਰਅਸਲ ਇਸ ਵਾਇਰਲ ਤਸਵੀਰ 'ਚ ਇਕ ਸ਼ਖਸ ਬਾਰਸ਼ ਸਮੇਂ ਛਤਰੀ ਲੈਕੇ ਖੜਾ ਦਿਖਾਈ ਦੇ ਰਿਹਾ ਹੈ। ਇਸ ਸ਼ਖਸ ਨੇ ਬਾਰਸ਼ ਤੋਂ ਬਚਣ ਲਈ ਛਤਰੀ ਸਿਰਫ਼ ਆਪਣੇ ਲਈ ਨਹੀਂ ਸਗੋਂ ਕੋਲ ਬੈਠੇ ਕੁੱਤੇ ਨਾਲ ਵੀ ਸ਼ੇਅਰ ਕੀਤੀ ਹੈ।


ਦੱਸਿਆ ਜਾ ਰਿਹਾ ਕਿ ਇਹ ਸ਼ਖਸ ਤਾਜ ਹੋਟਲ ਦਾ ਇਕ ਕਰਮਚਾਰੀ ਹੈ। ਇਸ ਤਸਵੀਰ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਬਿਜ਼ਨਸ ਟਾਇਕੂਨ ਰਤਨ ਟਾਟਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ ਤਸਵੀਰ ਨੂੰ ਬੇਹੱਦ ਪਸੰਦ ਕਰ ਰਹੇ ਹਨ। 


ਰਤਨ ਟਾਟਾ ਵੱਲੋਂ ਸ਼ੇਅਰ ਇਸ ਤਸਵੀਰ ਨੂੰ ਕਰੀਬ 10 ਲੱਖ ਲੋਕਾਂ ਨੇ ਲਾਈਕ ਕੀਤਾ ਹੈ। ਉੱਥੇ ਹੀ ਸੈਂਕੜੇ ਲੋਕਾਂ ਨੇ ਕਮੈਂਟ ਕਰਕੇ ਕਰਮਚਾਰੀ ਪ੍ਰਤੀ ਪਿਆਰ ਜਤਾਇਆ ਹੈ। ਯੂਜ਼ਰਸ ਇਸ ਆਦਮੀ ਨੂੰ ਸੁਨਹਿਰੇ ਦਿਲ ਵਾਲਾ ਆਦਮੀ ਦੱਸ ਰਹੇ ਹਨ।


ਕੈਮਰੇ 'ਚ ਕੈਦ ਹੋਇਆ ਦਿਲ ਨੂੰ ਛੂਹ ਲੈਣ ਵਾਲਾ ਪਲ- ਰਤਨ ਟਾਟਾ


ਰਤਨ ਟਾਟਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, 'ਤਾਜ ਦਾ ਇਹ ਕਰਮਚਾਰੀ ਏਨਾ ਦਿਆਲੂ ਸੀ ਕਿ ਉਸ ਨੇ ਭਿੱਜ ਰਹੇ ਕੁੱਤੇ ਨਾਲ ਆਪਣੀ ਛਤਰੀ ਸਾਂਝੀ ਕੀਤੀ।' ਉਨ੍ਹਾਂ ਅੱਗੇ ਲਿਖਿਆ, 'ਮੁੰਬਈ 'ਚ ਭੱਜਦੌੜ ਵਾਲੀ ਜ਼ਿੰਦਗੀ ਦੇ ਵਿਚ ਇਕ ਅਜਿਹਾ ਦਿਲ ਨੂੰ ਛੂਹ ਲੈਣ ਵਾਲਾ ਪਲ ਕੈਮਰੇ 'ਚ ਕੈਦ ਹੋ ਗਿਆ।'




ਦੱਸ ਦੇਈਏ ਕਿ ਤਾਜ ਹੋਟਲ ਦਾ ਇਹ ਕਰਮਚਾਰੀ ਮੁੰਬਈ ਦੇ ਇਕ ਕੌਫੀ ਸ਼ੌਪ ਦੇ ਬਾਹਰ ਖੜਾ ਦਿਖਾਈ ਦਿੱਤਾ। ਬਾਰਸ਼ ਹੋਣ ਦੇ ਚੱਲਦਿਆਂ ਉਸ ਨੇ ਛਤਰੀ ਖੋਲੀ ਕਿ ਉਸ ਵੇਲੇ ਇਕ ਅਵਾਰਾ ਕੁੱਤਾ ਉਸ ਨੂੰ ਬੈਠਾ ਦਿਖਾਈ ਦਿੱਤਾ। ਜਿਸ ਤੋਂ ਬਾਅਦ ਕਰਮਚਾਰੀ ਨੇ ਉਸ ਤੇ ਵੀ ਛਤਰੀ ਕਰ ਦਿੱਤੀ। ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੁੱਤਾ ਕਰਮਚਾਰੀ ਦੇ ਪੈਰਾਂ ਕੋਲ ਬੈਠਾ ਹੈ ਤੇ ਉਹ ਛਤਰੀ ਲੈਕੇ ਖੜਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਤਸਵੀਰ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ।