ਨਵੀਂ ਦਿੱਲੀ: ਭਾਰਤੀ ਬੱਲੇਬਾਜ਼ਾਂ ਨੇ ਵੈਸਟ ਇੰਡੀਜ਼ ਨਾਲ ਗੁਹਾਟੀ ਵਿੱਚ ਖੇਡੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਵੈਸਟ ਇੰਡੀਜ਼ ਵੱਲੋਂ ਭਾਰਤ ਨੂੰ ਦਿੱਤਾ 323 ਦੌੜਾਂ ਦਾ ਵੱਡਾ ਟੀਚਾ ਵੀ ਛੋਟਾ ਪਾ ਦਿੱਤਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ, ਜਿਸ ਨੂੰ ਟੀਮ ਨੇ ਸਾਰਥਕ ਤੇ ਸਹੀ ਫੈਸਲੇ ਵਿੱਚ ਤਬਦੀਲ ਕਰ ਦਿੱਤਾ। ਮੈਚ ਦੇ ਹੀਰੋ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਰਹੇ। ਦੋਵਾਂ ਦੇ ਸ਼ਾਨਦਾਰ ਸੈਂਕੜਿਆਂ ਸਦਕਾ ਭਾਰਤ ਨੇ ਅੱਠ ਵਿਕਟਾਂ ਨਾਲ ਮੈਚ ਆਪਣੇ ਨਾਂ ਕਰ ਲਿਆ।


ਜਿੱਥੇ ਵਿਰਾਟ ਕੋਹਲੀ ਨੇ 107 ਗੇਂਦਾਂ ਵਿੱਚ 21 ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 140 ਦੌੜਾਂ ਦੀ ਕਪਤਾਨੀ ਪਾਰੀ ਖੇਡੀ, ਉੱਥੇ ਹੀ ਰੋਹਿਤ ਸ਼ਰਮਾ ਨੇ 117 ਗੇਂਦਾਂ ਵਿੱਚ ਅੱਠ ਛੱਕੇ ਤੇ 15 ਚੌਕਿਆਂ ਨਾਲ ਸ਼ਾਨਦਾਰ ਨਾਬਾਦ 152 ਦੌੜਾਂ ਬਣਾਈਆਂ। ਦੋਵਾਂ ਬੱਲੇਬਾਜ਼ਾਂ ਨੇ ਹੀ ਟੀਮ ਨੂੰ ਜਿੱਤ ਦੀਆਂ ਬਰੂਹਾਂ ਉਤੇ ਲਿਆ ਦਿੱਤਾ। ਸ਼ਿਖਰ ਧਵਨ ਇਸ ਮੈਚ ਵਿੱਚ ਕੁਝ ਖ਼ਾਸ ਕਮਾਲ ਨਾ ਦਿਖਾ ਸਕੇ ਤੇ ਚਾਰ ਦੌੜਾਂ ਬਣਾ ਕੇ ਹੀ ਚੱਲਦੇ ਬਣੇ। ਅੰਬਾਤੀ ਰਾਇਡੂ ਨੂੰ ਬਹੁਤਾ ਖੇਡਣ ਦਾ ਮੌਕਾ ਨਾ ਮਿਲਿਆ ਤੇ ਉਸ ਨੇ 22 ਦੌੜਾਂ ਹੀ ਬਣਾਈਆਂ ਤੇ ਮੈਚ ਭਾਰਤ ਦੀ ਝੋਲੀ ਪੈ ਗਿਆ।

ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਦੇ ਸ਼ਿਮਰੋਨ ਹੇਟਮੇਅਰ ਦੀ ਸ਼ਾਨਦਾਰ ਪਾਰੀ ਨਾਲ ਮਹਿਮਾਨ ਟੀਮ ਨੇ 50 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 322 ਦੌੜਾਂ ਬਣਾਈਆਂ ਸਨ। ਹੇਟਮੇਅਰ ਨੇ 78 ਗੇਂਦਾਂ ਵਿੱਚ ਤੇਜ਼ ਤਰਾਰ 106 ਦੌੜਾਂ ਬਣਾਈਆਂ। ਹਾਲਾਂਕਿ, ਵੈਸਟ ਇੰਡੀਜ਼ ਦੀ ਸ਼ੁਰੂਆਤ ਮਾੜੀ ਰਹੀ ਪਰ ਬਾਅਦ ਵਿੱਚ ਹੇਟਮੇਅਰ ਤੋਂ ਇਲਾਵਾ ਰੋਵਮਨ ਪੌਵੇਲ ਨੇ 5ਵੀਂ ਤੇ 6ਵੀਂ ਵਿਕਟ ਦੌਰਾਨ ਕ੍ਰਮਵਾਰ 74 ਤੇ 60 ਦੌੜਾਂ ਦੀ ਸਾਂਝੇਦਾਰੀ ਨਿਭਾਈ।