ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਤਲਖੀ ਵੇਖਣ ਨੂੰ ਮਿਲ ਰਹੀ ਹੈ। ਅਕਾਲੀ ਵਿਧਾਇਕ ਬਲਕੌਰ ਸਿੰਘ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਇਨੈਲੋ ਨਾਲ ਮਿਲ ਕੇ ਚੋਣ ਲੜ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਲਾਂਵਾਲੀ ਸੀਟ ਤੋਂ ਬੀਜੇਪੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਜਵਾਬ ਵਿੱਚ ਬੀਜੇਪੀ ਦੇ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਸੁਖਬੀਰ ਬਾਦਲ ਨੂੰ ਸਹੁੰ ਚੁੱਕ ਸਮਾਗਮ ਵਿੱਚ ਬੁਲਾਇਆ ਜਾਵੇਗਾ।
ਅਕਾਲੀ ਲੀਡਰਾਂ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਬਣਿਆ ਰਹੇਗਾ। ਹਾਲਾਂਕਿ, ਅਕਾਲੀ ਲੀਡਰ ਇਹ ਵੀ ਕਹਿ ਰਹੇ ਹਨ ਕਿ ਜੇ ਬੀਜੇਪੀ ਗੱਠਜੋੜ ਤੋੜਦੀ ਹੈ, ਤਾਂ ਉਨ੍ਹਾਂ ਦੀ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਇਕੱਲੇ ਚੋਣ ਲੜਨ ਲਈ ਤਿਆਰ ਹੈ। ਦਰਅਸਲ, ਦੋਵਾਂ ਧਿਰਾਂ ਦੇ ਰਿਸ਼ਤਿਆਂ ਵਿੱਚ ਫੁੱਟ ਉਸ ਸਮੇਂ ਆਈ ਜਦੋਂ ਇਕਲੌਤੇ ਅਕਾਲੀ ਵਿਧਾਇਕ ਬਲਕੌਰ ਸਿੰਘ ਪਿਛਲੇ ਮਹੀਨੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਸੀ। ਸੁਖਬੀਰ ਬਾਦਲ ਨੇ ਬੀਜੇਪੀ ਦੇ ਇਸ ਕਦਮ ਦੀ ਆਲੋਚਨਾ ਕੀਤੀ ਤੇ ਸੂਬੇ ਵਿਧਾਨ ਸਭਾ ਚੋਣਾਂ ਇਨੈਲੋ ਨਾਲ ਲੜਨ ਦਾ ਫੈਸਲਾ ਕੀਤਾ। ਹਾਲਾਂਕਿ ਬੀਜੇਪੀ ਗਠਜੋੜ ਨਾ ਹੋਣ ਕਰਕੇ ਖ਼ੁਦ ਨੂੰ ਜ਼ਿੰਮੇਵਾਰ ਨਹੀਂ ਮੰਨਦੀ।
ਤਰੁਣ ਚੁੱਘ ਨੇ ਕਿਹਾ ਕਿ ਪੀਐਮ ਮੋਦੀ ਤੇ ਬੀਜੇਪੀ ਨੂੰ ਲੋਕਾਂ ਦਾ ਸਾਥ ਮਿਲ ਰਿਹਾ ਹੈ। ਚੁੱਘ ਨੇ ਵੀ ਬੀਜੇਪੀ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਤੇ ਕਿਹਾ ਕਿ ਸਹੁੰ ਚੁੱਕ ਸਮਾਗਮ ਵਿੱਚ ਵਿਸ਼ੇਸ਼ ਸੱਦੇ ’ਤੇ ਸੁਖਬੀਰ ਬਾਦਲ ਨੂੰ ਬੁਲਾਇਆ ਜਾਵੇਗਾ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ, 'ਜਦੋਂ ਹਵਾ ਬਦਲਦੀ ਹੈ ਤਾਂ ਇਕ ਵਿਅਕਤੀ ਸਿੱਧਾ ਜ਼ਮੀਨ 'ਤੇ ਆ ਡਿੱਗਦਾ ਹੈ।' ਬਾਦਲ ਨੇ ਸੂਬੇ ਵਿੱਚ ਬੀਜੇਪੀ ਦੀ ਸਰਕਾਰ ਨਾ ਬਣਨ ਦਾ ਦਾਅਵਾ ਕਰਦਿਆਂ ਬੀਜੇਪੀ ਦੇ ਮੈਨੀਫੈਸਟੋ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨੋਂ ਮਨ੍ਹਾ ਕੀਤਾ ਸੀ।