Watch: Congress leader accosts Union Minister Smriti Irani on rising fuel prices inside a plane
ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਵਿਰੋਧੀ ਧਿਰ ਲਗਾਤਾਰ ਮਹਿੰਗਾਈ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰ ਰਹੀ ਹੈ। ਕਾਂਗਰਸ ਨੇਤਾ ਮੋਦੀ ਸਰਕਾਰ 'ਤੇ ਹਮਲੇ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਤੇਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਕਾਂਗਰਸ ਨੇਤਾ ਨਾਲ ਝੜਪ ਦਾ ਵੀਡੀਓ ਵਾਇਰਲ ਹੋਇਆ ਹੈ।
ਦਰਅਸਲ ਰਾਸ਼ਟਰੀ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਨੇਟਾ ਡਿਸੂਜ਼ਾ ਨੇ ਤੇਲ ਤੇ ਐਲਪੀਜੀ ਨੂੰ ਲੈ ਕੇ ਕੇਂਦਰੀ ਮੰਤਰੀ ਨੂੰ ਘੇਰਿਆ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਐਤਵਾਰ ਨੂੰ ਕਾਂਗਰਸ ਨੇਤਾ ਨੇਟਾ ਡਿਸੂਜ਼ਾ ਨੇ ਫਲਾਈਟ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨਾਲ ਝੜਪ ਦੀ ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਤੇਲ ਤੇ ਐਲਪੀਜੀ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰੀ ਮੰਤਰੀ ਨੂੰ ਸਵਾਲ ਪੁੱਛਿਆ ਜਿਸ ਮਗਰੋਂ ਦੋਵਾਂ ਦੀ ਕਾਫੀ ਨੋਕ-ਝੋਕ ਹੋਈ।
ਦੱਸ ਦਈਏ ਕਿ ਇਹ ਸਾਰੀ ਘਟਨਾ ਦਿੱਲੀ-ਗੁਹਾਟੀ ਫਲਾਈਟ ਦੇ ਸਫਰ ਦੌਰਾਨ ਵਾਪਰੀ, ਜਿਸ ਦੀ ਵੀਡੀਓ ਨੇੱਟਾ ਡਿਸੂਜ਼ਾ ਨੇ ਟਵੀਟ ਕਰਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ। ਇਸ ਦੌਰਾਨ ਕਾਂਗਰਸੀ ਆਗੂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਜਵਾਬ ਆਪਣੇ ਸੈੱਲ ਫੋਨ 'ਤੇ ਰਿਕਾਰਡ ਕਰਦੀ ਨਜ਼ਰ ਆਈ। ਮੰਤਰੀ ਨੂੰ ਟੈਗ ਕਰਦੇ ਹੋਏ, ਉਨ੍ਹਾਂ ਨੇ ਵੀਡੀਓ ਪੋਸਟ ਕੀਤਾ ਤੇ ਲਿਖਿਆ, 'ਗੁਹਾਟੀ ਜਾਣ ਵਾਲੀ ਫਲਾਈਟ ਵਿੱਚ ਸਮ੍ਰਿਤੀ ਇਰਾਨੀ ਜੀ ਨਾਲ ਮੁਲਾਕਾਤ ਹੋਈ। LPG ਦੀਆਂ ਲਗਾਤਾਰ ਵਧਦੀਆਂ ਕੀਮਤਾਂ 'ਤੇ ਉਨ੍ਹਾਂ ਦੇ ਜਵਾਬ ਸੁਣੋ। ਮਹਿੰਗਾਈ ਦਾ ਠੀਕਰਾ ਇਹ ਕਿਨ੍ਹਾਂ ਚੀਜ਼ਾਂ 'ਤੇ ਭੰਨ੍ਹ ਰਹੇ ਹਨ!
ਆਪਣੇ ਦੂਜੇ ਟਵੀਟ ਵਿੱਚ, ਉਨ੍ਹਾਂ ਨੇ ਲਿਖਿਆ - ਗੁਹਾਟੀ ਜਾਂਦੇ ਸਮੇਂ ਮੋਦੀ ਸਰਕਾਰ ਵਿੱਚ ਮੰਤਰੀ ਸਮ੍ਰਿਤੀ ਇਰਾਨੀ ਜੀ ਨਾਲ ਮੇਰੀ ਮੁਲਾਕਾਤ ਹੋਈ, ਜਦੋਂ ਮੈਂ ਉਨ੍ਹਾਂ ਨੂੰ ਐਲਪੀਜੀ ਦੀਆਂ ਵਧ ਰਹੀਆਂ ਕੀਮਤਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕੋਵਿਡ ਟੀਕਾ, ਰਾਸ਼ਨ ਤੇ ਗਰੀਬਾਂ ਨੂੰ ਜ਼ਿੰਮੇਵਾਰ ਠਹਿਰਾਇਆ। ਵੀਡੀਓ ਦੇਖੋ ਕਿ ਉਨ੍ਹਾਂ ਨੇ ਆਮ ਲੋਕਾਂ ਦੇ ਦੁੱਖਾਂ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕੀਤੀ!'
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਾਂਗਰਸੀ ਨੇਤਾ ਐਲਪੀਜੀ ਦੀਆਂ ਕੀਮਤਾਂ 'ਤੇ ਕੇਂਦਰੀ ਮੰਤਰੀ ਤੋਂ ਸਵਾਲ ਕਰ ਰਹੇ ਹਨ। ਵੀਡੀਓ ਵਿੱਚ ਇਰਾਨੀ ਫਲਾਈਟ ਤੋਂ ਉੱਤਰ ਰਹੀ ਸੀ। ਇਸ ਦੌਰਾਨ ਇਰਾਨੀ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਤੁਸੀਂ ਮੇਰਾ ਰਾਹ ਰੋਕ ਰਹੇ ਹੋ। ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੇ ਐਲਪੀਜੀ ਦੀ ਕਮੀ ਨੂੰ ਲੈ ਕੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਕ੍ਰਿਪਾ ਕਰਕੇ ਝੂਠ ਨਾ ਬੋਲੋ।
ਦੱਸ ਦਈਏ ਕਿ 16 ਦਿਨਾਂ 'ਚ ਪੈਟਰੋਲ ਦੀ ਕੀਮਤ 14 ਵਾਰ ਵਧੀ ਹੈ, ਜਿਸ ਕਾਰਨ ਇਸ ਦੀਆਂ ਕੀਮਤਾਂ 'ਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਦਿੱਲੀ ਵਿੱਚ ਹੁਣ ਇੱਕ ਲੀਟਰ ਪੈਟਰੋਲ 105.41 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 96.67 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਦੇ ਨਾਲ ਹੀ 1 ਅਪ੍ਰੈਲ ਤੋਂ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਇਸ ਵਾਧੇ ਕਾਰਨ ਗੈਸ ਦੀਆਂ ਕੀਮਤਾਂ ਵਿੱਚ 250 ਰੁਪਏ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: Farm Laws: ਸਰਕਾਰ ਮੁੜ ਖੇਤੀ ਕਾਨੂੰਨ ਲਿਆਉਣ ਦੀ ਕਰ ਰਹੀ ਤਿਆਰੀ? ਨੀਤੀ ਆਯੋਗ ਤੇ ਪੀਐਮ ਮੋਦੀ ਦੇ ਬਿਆਨਾਂ ਨੇ ਛੇੜੀ ਨਵੀਂ ਚਰਚਾ