Weather Update: ਦਿੱਲੀ-ਐੱਨਸੀਆਰ 'ਚ ਭਾਰੀ ਮੀਂਹ ਦਾ ਅਸਰ ਸੜਕਾਂ 'ਤੇ ਜਾਮ ਅਤੇ ਪਾਣੀ ਭਰਨ ਦੇ ਰੂਪ 'ਚ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਅਗਸਤ ਅਤੇ ਸਤੰਬਰ ਵਿੱਚ ਵੀ ਇਸੇ ਤਰ੍ਹਾਂ ਦੀ ਬਰਸਾਤ ਹੋਵੇਗੀ? ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਜੁਲਾਈ ਮਹੀਨੇ 'ਚ ਨਮੀ ਅਤੇ ਗਰਮੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਰਾਹਤ ਮਿਲ ਸਕਦੀ ਹੈ।



ਹਾਲਾਂਕਿ ਮੌਸਮ ਵਿਭਾਗ ਨੇ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ, ਜਿਸ ਨਾਲ ਲੋਕਾਂ ਦੀ ਚਿੰਤਾ ਵਧ ਗਈ ਹੈ। ਆਈਐਮਡੀ ਮੁਤਾਬਕ ਅਗਸਤ ਅਤੇ ਸਤੰਬਰ ਵਿੱਚ ਦੇਸ਼ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਅਗਸਤ ਦੇ ਅੰਤ ਤੱਕ ਅਲ-ਨੀਨਾ ਦੇ ਅਨੁਕੂਲ ਹਾਲਾਤ ਦੇਖੇ ਜਾ ਸਕਦੇ ਹਨ।


ਮੌਸਮ ਵਿਭਾਗ ਨੇ ਵੀਰਵਾਰ (1 ਅਗਸਤ) ਨੂੰ ਭਵਿੱਖਬਾਣੀ ਕੀਤੀ ਹੈ ਕਿ ਭਾਰਤ ਵਿੱਚ ਅਗਸਤ ਅਤੇ ਸਤੰਬਰ ਦੇ ਮਹੀਨਿਆਂ ਵਿੱਚ ਔਸਤ ਤੋਂ ਵੱਧ ਬਾਰਿਸ਼ ਹੋਵੇਗੀ। ਆਈਐਮਡੀ ਦਾ ਕਹਿਣਾ ਹੈ ਕਿ ਅਗਸਤ ਅਤੇ ਸਤੰਬਰ ਦੌਰਾਨ ਦੇਸ਼ ਭਰ ਵਿੱਚ ਬਾਰਿਸ਼ ਲੰਬੇ ਸਮੇਂ ਦੀ ਔਸਤ ਦਾ 106 ਪ੍ਰਤੀਸ਼ਤ ਹੋਵੇਗੀ, ਜੋ ਕਿ 422.8 ਮਿਲੀਮੀਟਰ ਹੈ। ਦੇਸ਼ 'ਚ 1 ਜੂਨ ਤੋਂ ਹੁਣ ਤੱਕ 453.8 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ, ਜਦਕਿ ਆਮ ਬਾਰਿਸ਼ 445.8 ਮਿਲੀਮੀਟਰ ਹੈ। ਇਹ ਆਮ ਵਰਖਾ ਨਾਲੋਂ 2 ਫੀਸਦੀ ਵੱਧ ਹੈ। ਕਿਉਂਕਿ ਜੂਨ 'ਚ ਸੁੱਕਾ ਰਹਿਣ ਤੋਂ ਬਾਅਦ ਜੁਲਾਈ 'ਚ ਆਮ ਨਾਲੋਂ ਜ਼ਿਆਦਾ ਮੀਂਹ ਪਿਆ।


ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ


ਆਈਐਮਡੀ ਦੇ ਮੁਖੀ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ, ਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਪੂਰਬੀ ਭਾਰਤ ਦੇ ਨਾਲ ਲੱਗਦੇ ਉੱਤਰ-ਪੂਰਬ, ਲੱਦਾਖ, ਸੌਰਾਸ਼ਟਰ ਅਤੇ ਕੱਛ ਦੇ ਨਾਲ-ਨਾਲ ਮੱਧ ਅਤੇ ਪ੍ਰਾਇਦੀਪ ਭਾਰਤ ਦੇ ਕੁਝ ਖੇਤਰਾਂ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ।


ਹੁਣ ਤੱਕ ਕਿੰਨੀ ਬਾਰਿਸ਼ ਹੋਈ ਹੈ?


ਆਈਐਮਡੀ ਦੇ ਅੰਕੜਿਆਂ ਅਨੁਸਾਰ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਗੰਗਾ ਦੇ ਮੈਦਾਨਾਂ ਅਤੇ ਉੱਤਰ-ਪੂਰਬ ਦੇ ਕੁਝ ਹਿੱਸਿਆਂ ਵਿੱਚ ਘੱਟ ਬਾਰਿਸ਼ ਹੋਈ ਹੈ। ਜਦੋਂ ਕਿ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ 35 ਤੋਂ 45 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ।


ਜਾਣੋ, ਕਿੱਥੇ-ਕਿੱਥੇ ਹੋਈ ਬਾਰਿਸ਼?


ਮੌਸਮ ਵਿਭਾਗ ਦੇ ਮੁਖੀ ਮ੍ਰਿਤੁੰਜੇ ਮਹਾਪਾਤਰਾ ਦਾ ਕਹਿਣਾ ਹੈ ਕਿ ਗੰਗਾ ਦੇ ਮੈਦਾਨਾਂ, ਮੱਧ ਭਾਰਤ ਅਤੇ ਭਾਰਤ ਦੇ ਦੱਖਣ-ਪੂਰਬੀ ਤੱਟ ਦੇ ਕੁਝ ਖੇਤਰਾਂ ਵਿੱਚ ਆਮ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਰਹਿਣ ਦੀ ਸੰਭਾਵਨਾ ਹੈ। ਜੁਲਾਈ ਮਹੀਨੇ ਵਿੱਚ ਭਾਰਤ ਵਿੱਚ ਔਸਤ ਨਾਲੋਂ 9 ਫੀਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਕੇਂਦਰੀ ਖੇਤਰ 'ਚ 33 ਫੀਸਦੀ ਤੋਂ ਵੱਧ ਬਾਰਿਸ਼ ਹੋਈ ਹੈ।


ਆਈਐਮਡੀ ਮੁਖੀ ਨੇ ਕਿਹਾ ਕਿ ਕੇਰਲ ਲਈ 29 ਜੁਲਾਈ ਨੂੰ ਰੈੱਡ ਅਲਰਟ ਘੋਸ਼ਿਤ ਕੀਤਾ ਗਿਆ ਸੀ। ਜਦਕਿ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ।