ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਕਈ ਜ਼ਿਲ੍ਹਿਆਂ ਵਿੱਚ ਸੜਕਾਂ ਬੰਦ ਹਨ। ਆਈਐਮਡੀ ਨੇ ਕੁੱਲੂ, ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਸਥਾਨਕ ਮੌਸਮ ਦਫਤਰ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਕੁਝ ਖੇਤਰਾਂ ਵਿੱਚ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ ਘੱਟ ਹੈ।


ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਮੀਂਹ ਕਾਰਨ 47 ਸੜਕਾਂ ਉਤੇ ਆਵਾਜਾਈ ਬੰਦ ਕਰਨੀ ਪਈ। ਸਥਾਨਕ ਮੌਸਮ ਵਿਭਾਗ ਨੇ ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਅਚਾਨਕ ਹੜ੍ਹ ਆਉਣ ਦੇ ਖ਼ਤਰੇ ਦੀ ਚਿਤਾਵਨੀ ਦਿੱਤੀ ਹੈ। ਰਾਜ ਐਮਰਜੈਂਸੀ ਅਪਰੇਸ਼ਨ ਕੇਂਦਰ ਨੇ ਦੱਸਿਆ ਕਿ ਸੂਬੇ ਵਿੱਚ ਬਿਜਲੀ ਅਤੇ ਇੱਕ ਜਲ ਸਪਲਾਈ ਯੋਜਨਾ ਵੀ ਪ੍ਰਭਾਵਿਤ ਹੋਈ ਹੈ।



ਇਨ੍ਹਾਂ ਜ਼ਿਲ੍ਹਿਆਂ ਵਿਚ ਹੜ੍ਹ ਦੀ ਸੰਭਾਵਨਾ
ਸਥਾਨਕ ਮੌਸਮ ਵਿਭਾਗ ਨੇ ਐਤਵਾਰ ਤੱਕ ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹੇ ਦੇ ਕੁੱਝ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੇ ਪੱਧਰ ਦੇ ਹੜ੍ਹ ਦਾ ਖ਼ਤਰਾ ਹੋਣ ਦੀ ਚਿਤਾਵਨੀ ਦਿੱਤੀ ਹੈ। ਕੇਂਦਰ ਨੇ ਦੱਸਿਆ ਕਿ ਕੁੱਲ 46 ਸੜਕਾਂ ’ਤੇ ਆਵਾਜਾਈ ਬੰਦ ਹੈ, ਜਿਨ੍ਹਾਂ ਵਿੱਚ ਮੰਡੀ ’ਚ 13, ਕਾਂਗੜਾ ਵਿੱਚ 11, ਸ਼ਿਮਲਾ ਅਤੇ ਕੁੱਲੂ ਵਿੱਚ ਨੌਂ-ਨੌਂ, ਊਨਾ ਵਿੱਚ ਦੋ ਅਤੇ ਕਿਨੌਰ, ਸਿਰਮੌਰ ਤੇ ਲਾਹੌਲ ਅਤੇ ਸਪਿਤੀ ਜ਼ਿਲ੍ਹਿਆਂ ਵਿੱਚ ਇੱਕ-ਇੱਕ ਸੜਕ ਸ਼ਾਮਲ ਹੈ। ਹਿਮਾਚਲ ਪ੍ਰਦੇਸ਼ ਵਿੱਚ 27 ਜੂਨ ਨੂੰ ਮੌਨਸੂਨ ਦੀ ਆਮਦ ਮਗਰੋਂ ਹੁਣ ਤੱਕ ਮੀਂਹ ਨਾਲ ਸਬੰਧਿਤ ਘਟਨਾਵਾਂ ਵਿੱਚ ਕੁੱਲ 157 ਜਣਿਆਂ ਦੀ ਮੌਤ ਹੋਈ ਹੈ ਅਤੇ ਸੂਬੇ ਨੂੰ 1,303 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 


ਮੌਸਮ ਵਿਭਾਗ ਅਨੁਸਾਰ ਮਾਲਰੋਨ ਵਿਚ ਸਭ ਤੋਂ ਵੱਧ 64 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਮੰਡੀ ਵਿਚ 41.7 ਐਮਐਮ ਮੀਂਹ ਪਿਆ। ਇਸੇ ਤਰ੍ਹਾਂ ਪੰਡੋਹ ਵਿੱਚ 32.5 ਐਮਐਮ, ਬਰਥੀਨ ਵਿਚ 30.4 ਐਮਐਮ, ਅਗਹਾਰ ਵਿਚ 29.8, ਭਟਿਯਾਤ ਵਿੱਚ 28.4 ਐੱਮਐੱਮ, ਜੁਬਰਹੱਟੀ ਵਿੱਚ 26 ਐੱਮਐੱਮ ਅਤੇ ਭੁੰਤਰ ਵਿੱਚ 25.7 ਐੱਮਐੱਮ ਮੀਂਹ ਦਰਜ ਕੀਤਾ ਗਿਆ। 



ਅਗਲੇ 24 ਘੰਟਿਆਂ ਦੌਰਾਨ ਹਾਲਾਤ
ਸਕਾਈਮੇਟ ਵੈਦਰ ਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ, ਉੜੀਸਾ, ਉੱਤਰੀ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਵਿਦਰਭ, ਮੱਧ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਕੁਝ ਭਾਰੀ ਮੀਂਹ ਪੈ ਸਕਦਾ ਹੈ। ਉੱਤਰ-ਪੂਰਬੀ ਭਾਰਤ, ਹਰਿਆਣਾ, ਝਾਰਖੰਡ, ਤੇਲੰਗਾਨਾ, ਗੁਜਰਾਤ, ਮਰਾਠਵਾੜਾ, ਤੱਟਵਰਤੀ ਕਰਨਾਟਕ, ਕੇਰਲ, ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਦਿੱਲੀ, ਪੱਛਮੀ ਹਿਮਾਲਿਆ, ਪੱਛਮੀ ਰਾਜਸਥਾਨ, ਸੌਰਾਸ਼ਟਰ ਅਤੇ ਕੱਛ, ਅੰਦਰੂਨੀ ਕਰਨਾਟਕ ਅਤੇ ਤਾਮਿਲਨਾਡੂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।