ਨਵੀਂ ਦਿੱਲੀ: ਉੱਤਰੀ ਭਾਰਤ ’ਚ ਮੌਨਸੂਨ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਜ਼ੋਰ ਫੜਨ ਲੱਗੀਆਂ ਹਨ। ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਅਗਲੇ ਕੁਝ ਘੰਟਿਆਂ ਅੰਦਰ ਧੂੜ ਭਰੀਆਂ ਤੇਜ਼ ਹਵਾਵਾਂ (ਝੱਖੜ ਝੁੱਲਣ) ਨਾਲ ਹਲਕੀ ਵਰਖਾ ਦਾ ਅਨੁਮਾਨ ਪ੍ਰਗਟਾਇਆ ਜਾ ਰਿਹਾ ਹੈ। ਉੱਤਰ-ਪੱਛਮੀ ਭਾਰਤ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅੱਜ ਇਸ ਦੇ ਵਧਣ ਦੀ ਆਸ ਹੈ।
ਇਸ ਸਾਰੇ ਹਫ਼ਤੇ ਭਾਵ ਸੱਤ ਮਈ ਤੱਕ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਰਹੇਗਾ। ਮੌਸਮ ਵਿਭਾਗ ਅਤੇ ਸਕਾਈਮੈੱਟ ਵੈਦਰ ਅਨੁਸਾਰ ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਵੱਲ ਇੱਕ ਪੱਛਮੀ ਗੜਬੜੀ ਸਰਗਰਮ ਹੋਈ ਹੈ, ਜਿਸ ਦੇ ਅਸਰ ਨਾਲ ਸਨਿੱਚਰਵਾਰ ਨੂੰ ਦਿੱਲੀ, ਐੱਨਸੀਆਰ, ਪੰਜਾਬ ਤੇ ਹਰਿਆਣਾ ਸਮੇਤ ਕਈ ਰਾਜਾਂ ਵਿੱਚ ਧੂੜ ਭਰੀਆਂ ਤੇਜ਼ ਹਵਾਵਾਂ ਵੀ ਚੱਲੀਆਂ ਤੇ ਕਿਤੇ-ਕਿਤੇ ਵਰਖਾ ਵੀ ਹੋਈ।
ਇਸ ਵੇਲੇ ਪੂਰਬੀ ਤੇ ਮੱਧ ਭਾਰਤ ਦੇ ਨਾਲ-ਨਾਲ ਸਿੰਧ ’ਚ ਵੀ ਚੱਕਰਵਾਤੀ ਹਵਾ ਦੇ ਦਬਾਅ ਦਾ ਖੇਤਰ ਬਣਿਆ ਹੋਇਆ ਹੈ। ਬੰਗਾਲ ਦੀ ਖਾੜੀ ਤੇ ਅਰਬ ਸਾਗਰ ਤੋਂ ਸਿੱਲ੍ਹ ਭਰੀ ਹਵਾ ਵੀ ਪੁੱਜ ਰਹੀ ਹੈ। ਇਸੇ ਮਲਟੀ-ਵੈਦਰ ਸਿਸਟਮ ਦਾ ਨਤੀਜਾ ਹੈ ਕਿ ਮੌਨਸੂਨ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਸਮੇਂ ਸਿਰ ਸ਼ੁਰੂ ਹੋ ਗਈਆਂ ਹਨ। ਇਸ ਦੇ ਆਧਾਰ ’ਤੇ ਇਸ ਸਾਲ ਮੌਨਸੂਨ ਦੇ ਆਮ ਨਾਲੋਂ ਬਿਹਤਰ ਰਹਿਣ ਦਾ ਪੂਰਵ-ਅਨੁਮਾਨ ਲਾਇਆ ਜਾ ਰਿਹਾ ਹੈ।
ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਦੱਖਣੀ ਛੱਤੀਸਗੜ੍ਹ ਤੇ ਮਹਰਾਸ਼ਟਰ ਦੇ ਕੁਝ ਹਿੱਸਿਆਂ ’ਚ ਝੱਖੜ ਤੇ ਗਰਜ-ਚਮਕ ਨਾਲ ਹਲਕੀ ਵਰਖਾ ਦਾ ਦੌਰ ਜਾਰੀ ਰਹੇਗਾ। ਤੇਜ਼ ਹਵਾਵਾਂ ਤੇ ਗਰਜ ਨਾਲ ਮੌਨਸੂਨ ਤੋਂ ਪਹਿਲਾਂ ਦੇ ਮੀਂਹ ਦੇ ਉੱਤਰ-ਪੱਛਮੀ ਭਾਰਤ , ਗੁਜਰਾਤ ਦੇ ਕੁਝ ਹਿੱਸਿਆਂ, ਮੱਧ ਪ੍ਰਦੇਸ਼, ਤੇਲੰਗਾਨਾ, ਛੱਤੀਸਗੜ੍ਹ, ਓੜੀਸ਼ਾ, ਬੰਗਾਲ, ਝਾਰਖੰਡ, ਬਿਹਾਰ, ਉੱਤਰ-ਪੂਰਬੀ ਰਾਜਾਂ ਦੇ ਕੁਝ ਹਿੱਸਿਆਂ ਤੇ ਦੱਖਣੀ ਪ੍ਰਾਇਦੀਪ ’ਚ ਐਤਵਾਰ ਤੋਂ ਵਧਣ ਦੀ ਆਸ ਹੈ। ਛੇ ਜਾਂ ਸੱਤ ਮਈ ਮੀਂਹ ਤੇ ਗਰਜ ਨਾਲ ਛਿੱਟਾਂ ਜਾਰੀ ਰਹਿ ਸਕਦੀਆਂ ਹਨ।