Weather Update Today: ਦੇਸ਼ ਭਰ ਵਿੱਚ ਗਰਮੀ ਦੇ ਕਹਿਰ ਵਿਚਾਲੇ ਲੋਕਾਂ ਨੂੰ ਕੜਾਕੇ ਦੀ ਧੁੱਪ ਤੋਂ ਕੁਝ ਰਾਹਤ ਮਿਲੀ ਹੈ। ਦੱਸ ਦੇਈਏ ਕਿ ਕਈ ਦੇਸ਼ ਦੇ ਕਈ ਹਿੱਸਿਆਂ ਵਿੱਚ ਹੁਣ ਤੂਫਾਨ ਅਤੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੌਸਮ 'ਚ ਆਏ ਅਚਾਨਕ ਬਦਲਾਅ ਨਾਲ ਲੋਕਾਂ ਦੇ ਚਿਹਰੇ ਖਿੱੜ ਗਏ ਹਨ। ਪਰ ਇਸ ਦੌਰਾਨ ਕਈ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਕਈ ਥਾਵਾਂ 'ਤੇ ਦਰੱਖਤ ਅਤੇ ਬਿਜਲੀ ਦੇ ਖੰਭਿਆਂ ਦੇ ਉੱਖੜ ਜਾਣ ਅਤੇ ਕੁਝ ਘਰਾਂ ਦੇ ਢਹਿ ਜਾਣ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਤੂਫਾਨ ਅਤੇ ਮੀਂਹ ਕਾਰਨ ਹੋਏ ਹਾਦਸਿਆਂ ਵਿੱਚ ਦਿੱਲੀ, ਹਰਿਆਣਾ, ਉੱਤਰਾਖੰਡ, ਰਾਜਸਥਾਨ, ਝਾਰਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ 16 ਲੋਕਾਂ ਦੀ ਮੌਤ ਹੋ ਗਈ। 63 ਲੋਕ ਜ਼ਖਮੀ ਹੋਏ ਹਨ। ਮੌਸਮ ਵਿਭਾਗ ਅਨੁਸਾਰ 15 ਮਈ ਤੱਕ ਦੇਸ਼ ਦੇ ਹਰ ਹਿੱਸੇ ਵਿੱਚ ਮੌਸਮ ਦਾ ਪੈਟਰਨ ਇੱਕੋ ਜਿਹਾ ਰਹੇਗਾ।


ਕਈ ਹਿੱਸਿਆ ਵਿੱਚ ਮੀਂਹ ਅਤੇ ਗੜੇਮਾਰੀ ਦਾ ਕਹਿਰ


ਮੌਸਮ ਵਿਭਾਗ ਅਨੁਸਾਰ, ਧਰਤੀ ਦੇ ਮੱਧ ਟਰਪੋਸਫੀਅਰ ਵਿੱਚ ਪੱਛਮੀ ਗੜਬੜੀ ਸਰਗਰਮ ਹੈ। ਪੱਛਮੀ ਉੱਤਰ ਪ੍ਰਦੇਸ਼ 'ਚ ਵਾਯੂਮੰਡਲ ਦੇ ਹੇਠਲੇ ਹਿੱਸੇ 'ਚ ਤੂਫਾਨ ਦਾ ਦੌਰ ਚੱਲ ਰਿਹਾ ਹੈ। ਇਸ ਕਾਰਨ ਉੱਤਰਾਖੰਡ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਵਿਦਰਭ ਅਤੇ ਛੱਤੀਸਗੜ੍ਹ ਵਿੱਚ ਮੀਂਹ ਅਤੇ ਗੜੇਮਾਰੀ ਹੋਈ ਹੈ। ਪੰਜਾਬ, ਚੰਡੀਗੜ੍ਹ, ਦਿੱਲੀ, ਪੂਰਬੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਤਾਮਿਲਨਾਡੂ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਵੀ ਮੀਂਹ ਪਿਆ। ਰਾਜਸਥਾਨ ਦੇ ਬੀਕਾਨੇਰ ਅਤੇ ਆਲੇ-ਦੁਆਲੇ ਗਰਮੀ ਸੀ। ਤਾਪਮਾਨ 45.5 ਡਿਗਰੀ ਤੱਕ ਰਿਹਾ।


ਸ਼ੁੱਕਰਵਾਰ ਦੇਰ ਰਾਤ ਬਦਲੇ ਮੌਸਮ ਕਾਰਨ ਹੋਈ ਤਬਾਹੀ ਦੀ ਅਸਲ ਤਸਵੀਰ ਸ਼ਨੀਵਾਰ ਸਵੇਰੇ ਸਾਹਮਣੇ ਆਈ। ਦਿੱਲੀ ਦੇ ਜਨਕਪੁਰੀ ਫਲਾਈਓਵਰ 'ਤੇ ਦੋਪਹੀਆ ਵਾਹਨ 'ਤੇ ਜਾ ਰਹੇ ਜੈਪ੍ਰਕਾਸ਼ ਨਾਮ ਦੇ ਵਿਅਕਤੀ 'ਤੇ ਦਰੱਖਤ ਦੀ ਟਾਹਣੀ ਡਿੱਗ ਗਈ। ਹਾਦਸੇ 'ਚ ਉਸ ਦੀ ਮੌਤ ਹੋ ਗਈ। ਸ਼ੁੱਕਰਵਾਰ ਰਾਤ ਕਰੀਬ 11 ਵਜੇ ਕੇਐਨ ਕਾਟਜੂ ਰੋਡ 'ਤੇ ਦਰੱਖਤ ਹੇਠਾਂ ਦੱਬਣ ਨਾਲ ਮਜ਼ਦੂਰ ਹਰੀਓਮ ਦੀ ਮੌਤ ਹੋ ਗਈ। ਸ਼ਾਹੀਨ ਬਾਗ 'ਚ ਛੱਤ 'ਤੇ ਕੱਪੜੇ ਉਤਾਰਨ ਗਈ ਇਕ ਨਾਬਾਲਗ ਲੜਕੀ ਦੀ ਆਪਣੇ ਗੁਆਂਢੀ ਦੀ ਡਿੱਗੀ ਕੰਧ ਨਾਲ ਟਕਰਾਉਣ ਨਾਲ ਮੌਤ ਹੋ ਗਈ। ਦਿੱਲੀ 'ਚ ਵੱਖ-ਵੱਖ ਘਟਨਾਵਾਂ 'ਚ 23 ਲੋਕ ਜ਼ਖਮੀ ਵੀ ਹੋਏ ਹਨ।