ਨਵੀਂ ਦਿੱਲੀ: ਪੱਛਮੀ ਬੰਗਾਲ 'ਚ ਅੱਜ ਤੋਂ 4 ਦਿਨ ਬਾਅਦ ਪਹਿਲੇ ਗੇੜ ਦੀ ਵੋਟਿੰਗ ਹੋਵੇਗੀ। ਇਸ ਤੋਂ ਠੀਕ ਪਹਿਲਾਂ ABP ਨਿਊਜ਼ ਨੇ ਪੱਛਮੀ ਬੰਗਾਲ ਦੀ ਨਬਜ਼ ਜਾਣਨ ਦੀ ਕੋਸ਼ਿਸ਼ ਕੀਤੀ ਸੀ। ABP ਨਿਊਜ਼ ਲਈ ਇਹ ਓਪੀਨੀਅਨ ਪੋਲ ਸਰਵੇ ਏਜੰਸੀ CNX ਨੇ ਕੀਤਾ ਹੈ। ਸਰਵੇਖਣ 'ਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਮਮਤਾ ਬੈਨਰਜੀ ਦੀ ਸਰਕਾਰ ਇੱਕ ਵਾਰ ਫਿਰ ਸੱਤਾ 'ਚ ਵਾਪਸ ਕਰੇਗੀ ਜਾਂ ਭਾਜਪਾ ਬਾਜ਼ੀ ਮਾਰੇਗੀ ਜਾਂ ਕਾਂਗਰਸ, ਖੱਬੇਪੱਖੀ ਤੇ ਆਈਐਸਐਫ ਦਾ ਗੱਠਜੋੜ ਕਿੰਗ ਮੇਕਰ ਬਣੇਗਾ।



ਏਬੀਪੀ ਨਿਊਜ਼ ਲਈ CNX ਨੇ ਜਿਹੜਾ ਤਾਜ਼ਾ ਸਰਵੇਖਣ (ABP Opinion Poll) ਕੀਤਾ ਹੈ, ਉਸ ਮੁਤਾਬਕ 294 ਸੀਟਾਂ ਵਾਲੀ ਪੱਛਮੀ ਬੰਗਾਲ ਵਿਧਾਨ ਸਭਾ 'ਚ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਨੂੰ 136 ਤੋਂ 146 ਸੀਟਾਂ ਮਿਲਣ ਦੀ ਸੰਭਾਵਨਾ ਹੈ। ਮਤਲਬ ਟੀਐਮਸੀ ਨੂੰ ਬਹੁਮਤ ਲਈ ਕੁਝ ਸੀਟਾਂ ਘੱਟ ਪੈ ਸਕਦੀਆਂ ਹਨ। ਸੂਬੇ 'ਚ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ ਸਰਕਾਰ ਬਣਾਉਣ ਲਈ 148 ਸੀਟਾਂ ਦੀ ਲੋੜ ਹੈ।

ਸਰਵੇਖਣ ਅਨੁਸਾਰ ਭਾਜਪਾ ਨੂੰ 130 ਤੋਂ 140 ਸੀਟਾਂ ਮਿਲ ਸਕਦੀਆਂ ਹਨ। ਮਤਲਬ ਮੁਕਾਬਲਾ ਬਹੁਤ ਨੇੜਲਾ ਹੋ ਸਕਦਾ ਹੈ। ਕਾਂਗਰਸ ਤੇ ਖੱਬੇਪੱਖੀ ਨੂੰ 14 ਤੋਂ 18 ਸੀਟਾਂ ਮਿਲਣ ਦੀ ਉਮੀਦ ਹੈ, ਜਦਕਿ ਬਾਕੀਆਂ ਨੂੰ ਸਿਰਫ਼ 1 ਤੋਂ 3 ਸੀਟਾਂ ਹੀ ਮਿਲ ਸਕਦੀਆਂ ਹਨ।
West Bengal Opinion Poll
TMC : 136-146
BJP : 130-140
ਕਾਂਗਰਸ+ਖੱਬੇਪੱਖੀ : 14-18
ਹੋਰ : 1-3

ਦੱਸ ਦੇਈਏ ਕਿ ਸਾਲ 2016 ਦੀਆਂ ਵਿਧਾਨ ਸਭਾ ਚੋਣਾਂ 'ਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ 211 ਸੀਟਾਂ ਜਿੱਤੀਆਂ ਸਨ, ਜਦਕਿ ਭਾਜਪਾ ਨੂੰ ਸਿਰਫ਼ 3 ਸੀਟਾਂ ਮਿਲੀਆਂ ਸਨ। ਇਸ ਚੋਣ 'ਚ ਕਾਂਗਰਸ ਨੂੰ 44 ਸੀਟਾਂ ਅਤੇ ਖੱਬੇਪੱਖੀ ਪਾਰਟੀ ਨੂੰ 26 ਸੀਟਾਂ ਮਿਲੀਆਂ ਸਨ।

ਇਸ ਵਾਰ ਪੱਛਮੀ ਬੰਗਾਲ 'ਚ ਅੱਠ ਗੇੜ 'ਚ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ। ਪਹਿਲੇ ਗੇੜ ਤਹਿਤ ਸੂਬੇ ਦੇ 5 ਜ਼ਿਲ੍ਹਿਆਂ ਦੀਆਂ 30 ਵਿਧਾਨ ਸਭਾ ਸੀਟਾਂ 'ਤੇ 27 ਮਾਰਚ ਨੂੰ, ਦੂਜੇ ਗੇੜ ਤਹਿਤ 30 ਅਪ੍ਰੈਲ ਨੂੰ 4 ਜ਼ਿਲ੍ਹਿਆਂ ਦੀਆਂ 30 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ।

ਤੀਜੇ ਗੇੜ ਤਹਿਤ 31 ਵਿਧਾਨ ਸਭਾ ਸੀਟਾਂ 'ਤੇ 6 ਅਪ੍ਰੈਲ, ਚੌਥੇ ਗੇੜ ਤਹਿਤ 5 ਜ਼ਿਲ੍ਹਿਆਂ 'ਚ 44 ਸੀਟਾਂ 'ਤੇ 10 ਅਪ੍ਰੈਲ, ਪੰਜਵੇਂ ਗੇੜ ਤਹਿਤ 6 ਜ਼ਿਲ੍ਹਿਆਂ ਦੀਆਂ 45 ਸੀਟਾਂ 'ਤੇ 17 ਅਪ੍ਰੈਲ, ਛੇਵੇਂ ਗੇੜ ਤਹਿਤ 4 ਜ਼ਿਲ੍ਹਿਆਂ ਦੀਆਂ 43 ਸੀਟਾਂ 'ਤੇ 22 ਅਪ੍ਰੈਲ, ਸੱਤਵੇਂ ਗੇੜ ਤਹਿਤ 5 ਜ਼ਿਲ੍ਹਿਆਂ ਦੀਆਂ 36 ਸੀਟਾਂ 'ਤੇ 26 ਅਪ੍ਰੈਲ ਅਤੇ ਅੱਠਵੇਂ ਗੇੜ ਤਹਿਤ 4 ਜ਼ਿਲ੍ਹਿਆਂ ਦੀਆਂ 35 ਸੀਟਾਂ 'ਤੇ 29 ਅਪ੍ਰੈਲ ਨੂੰ ਵੋਟਿੰਗ ਹੋਵੇਗੀ।

ਨੋਟ : CNX ਨੇ ਓਪੀਨੀਅਨ ਪੋਲ 'ਚ ਪੱਛਮੀ ਬੰਗਾਲ ਦੀਆਂ 149 ਵਿਧਾਨ ਸਭਾ ਸੀਟਾਂ ਦੇ 11,920 ਲੋਕਾਂ ਨਾਲ ਗੱਲਬਾਤ ਕੀਤੀ ਹੈ। ਇਹ ਸਰਵੇਖਣ 12 ਤੋਂ 21 ਮਾਰਚ ਦੇ ਵਿਚਕਾਰ ਕੀਤਾ ਗਿਆ ਹੈ ਤੇ ਇਸ 'ਚ ਮਾਰਜ਼ਿਨ ਆਫ਼ ਐਰਰ 2.5 ਫ਼ੀਸਦੀ ਹੈ।