ਨਵੀਂ ਦਿੱਲੀ: ਰਾਮਨੌਮੀ ਵਾਲੇ ਦਿਨ ਤੋਂ ਪੱਛਮੀ ਬੰਗਾਲ ਤੇ ਬਿਹਾਰ ਦੇ ਕਈ ਜ਼ਿਲ੍ਹੇ ਫਿਰਕੂ ਹਿੰਸਾ ਦੀ ਅੱਗ ਵਿੱਚ ਝੁਲਸ ਰਹੇ ਹਨ। ਕੇਂਦਰ ਸਰਕਾਰ ਹੁਣ ਹਰਕਤ ਵਿੱਚ ਆਈ ਹੈ ਤੇ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। ਦੂਜੇ ਪਾਸੇ ਮੋਦੀ ਸਰਕਾਰ ਨੇ ਆਪਣੀ ਭਾਈਵਾਲੀ ਵਾਲੀ ਬਿਹਾਰ ਸਰਕਾਰ ਤੋਂ ਕੋਈ ਰਿਪੋਰਟ ਨਹੀਂ ਮੰਗੀ।
ਸਵਾਲ ਉੱਠ ਰਹੇ ਹਨ ਕਿ ਇਸ ਮੁੱਦੇ 'ਤੇ ਬੀਜੇਪੀ ਸਰਕਾਰ ਵੱਲੋਂ ਆਪਣੀ ਕੱਟੜ ਵਿਰੋਧੀ ਮਮਤਾ ਬੈਨਰਜੀ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਿਲਚਸਪ ਗੱਲ਼ ਹੈ ਕਿ ਮਮਤਾ ਇਸ ਵੇਲੇ ਦੇਸ਼ ਨੂੰ ਬੀਜੇਪੀ ਮੁਕਤ ਕਰਨ ਲਈ ਡਟੀ ਹੋਈ ਹੈ। ਉਹ ਬੀਜੇਪੀ ਵਿਰੋਧੀ ਪਾਰਟੀਆਂ ਨੂੰ ਇੱਕਜੁਟ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਰਾਮਨੌਮੀ ਦੇ ਜਲੂਸ ਨੂੰ ਲੈ ਕੇ ਦੋ ਫਿਰਕਿਆਂ ਵਿਚਾਲੇ ਤਣਾਅ ਹੋ ਗਿਆ ਸੀ। ਇਸ ਦੌਰਾਨ ਪੱਛਮੀ ਬੰਗਾਲ ਦੇ ਬਰਧਮਾਨ ਜ਼ਿਲ੍ਹੇ ਦੇ ਰਾਨੀਗੰਜ ਇਲਾਕੇ ਵਿੱਚ ਸਾੜਫੂਕ ਹੋਈ। ਇੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਪੁਲਿਸ ਵਾਲੇ ਜ਼ਖ਼ਮੀ ਹੋ ਗਏ। ਉਧਰ ਬਿਹਾਰ ਦੇ ਜ਼ਿਲ੍ਹਾ ਭਾਗਲਪੁਰ, ਔਰੰਗਾਬਾਦ, ਸਮਸਤੀਪੁਰ ਤੇ ਮੁੰਗੇਰ ਵਿੱਚ ਵੀ ਫਿਰਕੂ ਹਿੰਸਾ ਭੜਕੀ ਹੈ।
ਬੀਜੇਪੀ ਦੇ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਆ ਨੇ ਮਮਤਾ ਬੈਨਰਜੀ ਦੀ ਸਰਕਾਰ ਨੂੰ ਜੇਹਾਦੀ ਸਰਕਾਰ ਕਿਹਾ ਹੈ। ਸੁਪ੍ਰਿਆ ਨੇ ਇਲਜ਼ਾਮ ਲਾਇਆ ਹੈ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਗੁੰਡਿਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਗਈ।
https://twitter.com/SuPriyoBabul/status/978690826594340865
ਦੂਜੇ ਪਾਸੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦਾ ਕਹਿਣਾ ਹੈ ਕਿ ਹਿੰਸਾ ਪਿੱਛੇ ਬੀਜੇਪੀ ਦਾ ਹੱਥ ਹੈ। ਬੀਜੇਪੀ ਇਸ ਸੂਬੇ ਵਿੱਚ ਵੀ ਲੋਕਾਂ ਨੂੰ ਵੰਡਣਾ ਚਾਹੁੰਦੀ ਹੈ। ਮਮਤਾ ਬੈਨਰਜੀ ਨੇ ਚੇਤਾਵਨੀ ਦਿੱਤੀ ਕਿ ਰਾਮ ਦੇ ਨਾਂ 'ਤੇ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ।
ਉਧਰ ਪੁਲਿਸ ਦਾ ਕਹਿਣਾ ਹੈ ਕਿ ਰਾਮਨੌਮੀ ਦਾ ਜਲੂਸ ਉਸ ਇਲਾਕੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਘੱਟ ਗਿਣਤੀ ਦੀ ਆਬਾਦੀ ਹੈ। ਇਸ ਪਿੱਛੇ ਸ਼ਰਾਰਤੀ ਲੋਕਾਂ ਦਾ ਹੱਥ ਹੈ।