West Bengal SSC Scam : ਪੱਛਮੀ ਬੰਗਾਲ ਵਿੱਚ ਸਕੂਲ ਭਰਤੀ ਘੁਟਾਲੇ ਦੇ ਮਾਮਲੇ ਵਿੱਚ ਕੇਂਦਰੀ ਏਜੰਸੀ ਈਡੀ ਦੀ ਕਾਰਵਾਈ ਜਾਰੀ ਹੈ। ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਕੋਲਕਾਤਾ ਦੇ ਬੇਲਘਰੀਆ ਵਿੱਚ ਮੰਤਰੀ ਪਾਰਥਾ ਚੈਟਰਜੀ ਦੀ ਨਜ਼ਦੀਕੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਫਲੈਟ 'ਤੇ ਛਾਪਾ ਮਾਰਿਆ। ਇਸ ਦੌਰਾਨ ਵੱਡੀ ਮਾਤਰਾ 'ਚ ਨਕਦੀ ਬਰਾਮਦ ਹੋਈ ਹੈ। ਨੋਟਾਂ ਦੀ ਗਿਣਤੀ ਕਰਨ ਲਈ ਪੰਜ ਬੈਂਕ ਅਧਿਕਾਰੀਆਂ ਨੂੰ ਬੁਲਾਇਆ ਗਿਆ। ਇਸ ਦੇ ਨਾਲ ਹੀ ਕੈਸ਼ ਕਾਊਂਟਿੰਗ ਮਸ਼ੀਨਾਂ ਵੀ ਮੰਗਵਾਈਆਂ ਗਈਆਂ। ਸੂਤਰਾਂ ਨੇ ਰਾਤ ਕਰੀਬ 9.30 ਵਜੇ ਦੱਸਿਆ ਕਿ 20 ਕਰੋੜ ਤੋਂ ਵੱਧ ਦੀ ਨਕਦੀ ਮਿਲੀ ਹੈ।



ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਤਿੰਨ ਕਿਲੋ ਸੋਨਾ, ਚਾਂਦੀ ਦੇ ਸਿੱਕੇ ਅਤੇ ਜਾਇਦਾਦ ਦੇ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਅਰਪਿਤਾ ਮੁਖਰਜੀ ਫਿਲਹਾਲ ਈਡੀ ਦੀ ਹਿਰਾਸਤ ਵਿੱਚ ਹੈ। ਲੰਬੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਹਾਲ ਹੀ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 22 ਜੁਲਾਈ ਨੂੰ ਈਡੀ ਨੇ ਅਰਪਿਤਾ ਮੁਖਰਜੀ ਦੇ ਟਿਕਾਣੇ ਤੋਂ 21 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਸੀ। ਬਾਅਦ ਵਿਚ ਲੰਬੀ ਪੁੱਛਗਿੱਛ ਤੋਂ ਬਾਅਦ ਪਾਰਥਾ ਚੈਟਰਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।

ਡਾਇਰੀ ਤੋਂ ਖੁੱਲ੍ਹਣਗੇ ਰਾਜ਼

ਇਸ ਤੋਂ ਪਹਿਲਾਂ ਅਰਪਿਤਾ ਮੁਖਰਜੀ ਤੋਂ ਦੋ ਡਾਇਰੀਆਂ ਜ਼ਬਤ ਕੀਤੀਆਂ ਗਈਆਂ ਸਨ। ਸੂਤਰਾਂ ਮੁਤਾਬਕ ਇਨ੍ਹਾਂ 'ਚੋਂ ਇਕ ਡਾਇਰੀ 'ਚ ਅਰਪਿਤਾ ਮੁਖਰਜੀ ਵੱਲੋਂ ਆਪਣੇ ਬੈਂਕ ਖਾਤੇ 'ਚ ਜਮ੍ਹਾ ਕੀਤੇ ਗਏ ਕੈਸ਼ ਦੀ ਜਾਣਕਾਰੀ ਹੈ। ਈਡੀ ਜਾਣਨਾ ਚਾਹੁੰਦਾ ਹੈ ਕਿ ਅਰਪਿਤਾ ਮੁਖਰਜੀ ਕੋਲ ਇਹ ਨਕਦੀ ਕਿੱਥੋਂ ਆਈ। ਇਸ ਡਾਇਰੀ ਵਿੱਚ ਵੱਖ-ਵੱਖ ਬੈਂਕਾਂ ਵਿੱਚ ਕਈ ਵਾਰ ਨਕਦੀ ਜਮ੍ਹਾਂ ਕਰਵਾਉਣ ਦੇ ਵੇਰਵੇ ਹਨ। ਇਹ ਨਕਦੀ ਲੱਖਾਂ ਵਿੱਚ ਹੈ।