ਨਵੀਂ ਦਿੱਲੀ: ਆਧਾਰ ਨੂੰ ਲੈ ਕੇ ਪੂਰੇ ਮੁਲਕ 'ਚ ਬਹਿਸ ਚੱਲ ਰਹੀ ਹੈ ਤੇ ਸੋਸ਼ਲ ਮੀਡੀਆ ਵੀ ਇਸ ਨਾਲੋਂ ਵੱਖ ਨਹੀਂ ਹੈ। ਇਨ੍ਹਾਂ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਇੱਕ ਸਵਾਲ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿ ਮਰਨ ਵਾਲੇ ਬੰਦੇ ਦਾ ਅਧਾਰ ਕਾਰਡ ਲੈ ਕੇ ਹੀ ਸ਼ਮਸ਼ਾਨ ਘਾਟ ਜਾਓ ਤਾਂ ਹੀ ਉਸ ਦਾ ਸਸਕਾਰ ਹੋਣਾ ਹੈ। ਇਕ ਬੋਰਡ 'ਤੇ ਇਹ ਮੈਸੇਜ ਲਿਖਿਆ ਹੋਇਆ ਹੈ ਕਿ ਆਧਾਰ ਕਾਰਡ ਨਹੀਂ ਹਵੋਗਾ ਤਾਂ ਅੰਤਿਮ ਸੰਸਕਾਰ ਨਹੀਂ ਹੋਵੇਗਾ।
ਸੋਸ਼ਲ ਮੀਡੀਆ 'ਤੇ ਘੁੰਮ ਰਹੇ ਸੂਚਨਾ ਬੋਰਡ 'ਚ ਬੜੇ ਸਾਫ ਤੇ ਮੋਟੇ ਅੱਖਰਾਂ 'ਚ ਲਿਖਿਆ ਹੈ ਕਿ ਮ੍ਰਿਤਕ ਦਾ ਆਧਾਰ ਕਾਰਡ ਲਿਆਉਣਾ ਜ਼ਰੂਰੀ ਹੈ, ਨਹੀਂ ਤਾਂ ਸੰਸਕਾਰ ਨਹੀਂ ਹੋਵੇਗਾ। ਵਾਇਰਲ ਮੈਸੇਜ ਦੀ 'ਏਬੀਪੀ ਨਿਊਜ਼' ਨੇ ਜਦ ਪੜਤਾਲ ਸ਼ੁਰੂ ਕੀਤੀ ਤਾਂ ਓਲਡ ਫਰੀਦਾਬਾਦ ਦੇ ਸ਼ਮਸ਼ਾਨਘਾਟ 'ਚ ਅਜਿਹੇ ਤਿੰਨ ਬੋਰਡ ਲੱਗੇ ਸਨ ਤੇ ਇਸ ਨੂੰ ਹਰ ਕੋਨੇ 'ਤੇ ਟੰਗਿਆ ਗਿਆ ਸੀ।
ਫਰੀਦਾਬਾਦ ਦੇ ਸ਼ਮਸ਼ਾਨਘਾਟ 'ਤੇ ਅੰਤਿਮ ਸੰਸਕਾਰ ਲਈ ਆਧਾਰ ਕਾਰਡ ਦੱਸਣ ਵਾਲੇ ਬੋਰਡ ਨੂੰ ਲਾਉਣ ਦੀ ਜ਼ਰੂਰਤ ਕਿਉਂ ਪਈ? ਇਸ ਸਵਾਲ 'ਤੇ ਅੰਤਿਮ ਸੰਸਕਾਰ ਕਰਨ ਵਾਲੇ ਧੀਰੇਂਦਰ ਨੇ ਕਿਹਾ ਕਿ ਨਾਂ ਸਹੀ ਲਿਖਿਆ ਜਾਵੇ ਇਸ ਲਈ ਇਹ ਬੋਰਡ ਲਵਾਇਆ ਗਿਆ ਹੈ।
'ਏਬੀਪੀ ਨਿਊਜ਼' ਫਰੀਦਾਬਾਦ ਨਗਰ ਨਿਗਮ ਦੀ ਮੇਅਰ ਸੁਮਨ ਬਾਲਾ ਕੋਲ ਪੁੱਜਿਆ। ਉਨ੍ਹਾਂ ਨੂੰ ਜਦ ਇਹ ਪੁੱਛਿਆ ਕਿ ਤੁਸੀਂ ਅੰਤਿਮ ਸੰਸਕਾਰ ਲਈ ਆਧਾਰ ਕਾਰਡ ਕਿਉਂ ਜ਼ਰੂਰੀ ਕੀਤਾ ਹੈ? ਉਨ੍ਹਾਂ ਕਿਹਾ ਕਿ ਫਰੀਦਾਬਾਦ ਨਗਰ ਨਿਗਮ ਵੱਲੋਂ ਅੰਤਿਮ ਸੰਸਕਾਰ ਲਈ ਆਧਾਰ ਕਾਰਡ ਜ਼ਰੂਰੀ ਵਾਲਾ ਹੁਕਮ ਜਾਰੀ ਨਹੀਂ ਹੋਇਆ। ਫਰੀਦਾਬਾਦ ਦੇ ਸ਼ਮਸ਼ਾਨਘਾਟ 'ਤੇ ਬੋਰਡ ਅਸੀਂ ਨਹੀਂ ਲਵਾਏ। ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਵਾਲਿਆਂ ਨੇ ਹੀ ਬੋਰਡ ਟੰਗੇ ਹਨ। ਫਰੀਦਾਬਾਦ ਨਗਰ ਨਿਗਮ ਦੀ ਮੇਅਰ ਨੇ ਇਹ ਬੋਰਡ ਹਟਾਉਣ ਦੇ ਹੁਕਮ ਦੇ ਦਿੱਤੇ ਹਨ।
'ਏਬੀਪੀ ਨਿਊਜ਼' ਦੀ ਪੜਤਾਲ 'ਚ ਇਹ ਬੋਰਡ ਤਾਂ ਸੱਚ ਸਾਬਤ ਹੋਇਆ ਪਰ ਨਗਰ ਨਿਗਮ ਦਾ ਇਹ ਦਾਅਵਾ ਝੂਠਾ ਸਾਬਤ ਹੋਇਆ ਹੈ।