ਨਵੀਂ ਦਿੱਲੀ: ਹਨੂੰਮਾਨ ਜੈਯੰਤੀ ਮੌਕੇ ਜਹਾਂਗੀਰਪੁਰੀ 'ਚ ਹਿੰਸਾ ਤੋਂ ਬਾਅਦ MCD ਵਲੋਂ ਗੈਰ-ਕਾਨੂੰਨੀ ਨਿਰਮਾਣ 'ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਹਾਲਾਂਕਿ ਕੁਝ ਸਮੇਂ ਬਾਅਦ ਅਦਾਲਤ ਵੱਲੋਂ ਸਟੇਅ ਆਰਡਰ ਦੇ ਦਿੱਤਾ ਗਿਆ। ਇਸ ਦੇ ਬਾਵਜੂਦ ਢਾਹੁਣ ਦਾ ਸਿਲਸਿਲਾ ਜਾਰੀ ਹੈ। ਅਦਾਲਤ ਨੇ ਫਿਲਹਾਲ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਬੁਲਡੋਜ਼ਰ ਦੀ ਕਾਰਵਾਈ ਕਾਰਨ ਇਲਾਕੇ ਦੇ ਲੋਕ ਕਾਫੀ ਪ੍ਰੇਸ਼ਾਨ ਨਜ਼ਰ ਆਏ। 'ਏਬੀਪੀ ਨਿਊਜ਼' ਦੇ ਕੈਮਰੇ 'ਤੇ ਔਰਤਾਂ ਦਾ ਗੁੱਸਾ ਸਾਫ਼ ਨਜ਼ਰ ਆ ਰਿਹਾ ਸੀ। ਉਨ੍ਹਾਂ ਕਿਹਾ, ਸਭ ਕੁਝ ਟੁੱਟ ਗਿਆ ਹੈ, ਹੁਣ ਕੀ ਬਚਿਆ ਹੈ?



'ਏਬੀਪੀ ਨਿਊਜ਼' ਦੇ ਕੈਮਰੇ 'ਤੇ ਇੱਕ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਪਾਨ ਦੀ ਦੁਕਾਨ ਹੈ, ਜਿਸ ਨੂੰ ਅੱਜ ਕਬਜ਼ੇ ਦੀ ਕਾਰਵਾਈ 'ਚ ਢਾਹ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਇਹ ਦੁਕਾਨ 35 ਸਾਲਾਂ ਤੋਂ ਹੈ, ਜਿਸ ਨਾਲ ਉਸ ਦਾ ਗੁਜ਼ਾਰਾ ਚੱਲ ਰਿਹਾ ਹੈ। ਉਨ੍ਹਾਂ ਕਿਹਾ, ਸਾਡੀਆਂ ਅੱਖਾਂ ਸਾਹਮਣੇ ਇਹ ਦੁਕਾਨ ਢਾਹ ਦਿੱਤੀ ਗਈ।

ਇਸ ਦੇ ਨਾਲ ਹੀ ਜਦੋਂ ਇੱਕ ਹੋਰ ਔਰਤ ਨੂੰ 'ਏਬੀਪੀ ਨਿਊਜ਼' ਦੀ ਰਿਪੋਰਟਰ ਵੱਲੋਂ ਪੁੱਛਿਆ ਗਿਆ ਕਿ ਸੁਪਰੀਮ ਕੋਰਟ ਦਾ ਹੁਕਮ ਆਇਆ ਹੈ ਕਿ ਇਹ ਕਾਰਵਾਈ ਫਿਲਹਾਲ ਰੋਕ ਦਿੱਤੀ ਗਈ ਹੈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਤਾਂ ਉਸ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ, ਹੁਣ ਕੀ ਬਚਿਆ ਹੈ? ਸਭ ਕੁਝ ਖਤਮ ਹੋ ਗਿਆ। ਅਸੀਂ ਜੇਲ੍ਹ ਵਿੱਚ ਬੰਦ ਹੋ ਗਏ ਹਾਂ। ਇੱਕ ਹੋਰ ਔਰਤ ਨੇ ਕਿਹਾ, ਗਰੀਬ ਆਦਮੀ ਚਾਹ ਦੀ ਦੁਕਾਨ ਚਲਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਤੇ ਉਹ ਸਾਡੀ ਰੋਜ਼ੀ-ਰੋਟੀ 'ਤੇ ਲੱਤ ਮਾਰ ਰਹੇ ਹਨ। ਸਾਡਾ ਘਰ ਸਾਡੇ ਕੋਲੋਂ ਖੋਹ ਲਿਆ ਗਿਆ ਹੈ।

ਦੱਸ ਦੇਈਏ ਕਿ ਸੁਪਰੀਮ ਕੋਰਟ ਹੁਣ ਵੀਰਵਾਰ ਨੂੰ ਇਸ ਮਾਮਲੇ 'ਤੇ ਦੁਬਾਰਾ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ ਜਮੀਅਤ-ਉਲੇਮਾ-ਏ-ਹਿੰਦ ਨੇ ਦੇਸ਼ ਦੇ ਕਈ ਰਾਜਾਂ ਵਿੱਚ ਚੱਲ ਰਹੀ ਬੁਲਡੋਜ਼ਰ ਕਾਰਵਾਈ ਵਿਰੁੱਧ ਆਪਣੀ ਪਟੀਸ਼ਨ 'ਤੇ ਛੇਤੀ ਸੁਣਵਾਈ ਦੀ ਮੰਗ ਕੀਤੀ ਸੀ। ਦੁਸ਼ਯੰਤ ਦਵੇ ਨੇ ਮਾਮਲਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨੋਟਿਸ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਸੀਜੇਆਈ- ਯਥਾ-ਸਥਿਤੀ ਬਣਾਈ ਰੱਖੀ ਜਾਣੀ ਚਾਹੀਦੀ ਹੈ।

ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਜਹਾਂਗੀਰਪੁਰੀ ਵਿੱਚ MCD ਦੀ ਕਾਰਵਾਈ ਕੁਝ ਥਾਵਾਂ ’ਤੇ ਜਾਰੀ ਸੀ। ਜਦੋਂ ਪਟੀਸ਼ਨਰ ਨੇ ਇਸ ਬਾਰੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ, ਤਾਂ CJI ਐਨਵੀ ਰਮਨਾ ਨੇ ਤੁਰੰਤ ਰਜਿਸਟਰਾਰ ਨੂੰ ਆਦੇਸ਼ ਦਿੱਤਾ ਕਿ ਉਹ ਸਾਡੇ ਆਦੇਸ਼ ਨੂੰ ਤੁਰੰਤ ਐਮਸੀਡੀ, ਦਿੱਲੀ ਪੁਲਿਸ ਅਤੇ ਮੇਅਰ ਤੱਕ ਪਹੁੰਚਾਉਣ। ਸੁਪਰੀਮ ਕੋਰਟ ਦੇ ਪਹਿਲੇ ਹੁਕਮ ਦੇ ਕਰੀਬ ਦੋ ਘੰਟੇ ਬਾਅਦ ਨਿਗਮ ਦੀ ਕਾਰਵਾਈ ਪੂਰੀ ਤਰ੍ਹਾਂ ਠੱਪ ਹੋ ਗਈ।

ਜਦੋਂ ਦਿੱਲੀ ਦੇ ਸਪੈਸ਼ਲ ਪੁਲਿਸ ਕਮਿਸ਼ਨਰ ਦੀਪੇਂਦਰ ਪਾਠਕ ਨੂੰ ਆਪਰੇਸ਼ਨ ਬੁਲਡੋਜ਼ਰ ਬਾਰੇ ਸਵਾਲ ਕੀਤਾ ਗਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਨਗਰ ਨਿਗਮ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਫ਼ੈਸਲਾ ਲਵੇਗਾ। ਅਸੀਂ ਇੱਥੇ MCD ਨੂੰ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਹਾਂ।