ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਇਸ ਵਾਰ ਪੂਰਬੀ ਤੇ ਪੱਛਮੀ ਹਵਾਵਾਂ ਦੇ ਪੈਟਰਨ ਨੂੰ ਸਹੀ ਤਰੀਕੇ ਸਮਝ ਨਹੀਂ ਸਕਿਆ, ਜਿਸ ਕਾਰਨ ਉੱਤਰੀ ਭਾਰਤ ’ਚ ਉਸ ਦੀਆਂ ਮੌਸਮੀ ਭਵਿੱਖਬਾਣੀਆਂ ਗ਼ਲਤ ਸਿੱਧ ਹੋ ਰਹੀਆਂ ਹਨ। ਦੱਖਣ–ਪੱਛਮੀ ਮੌਨਸੂਨ ਭਾਰਤ ਦੇ ਲਗਭਗ ਸਾਰੇ ਹਿੱਸਿਆਂ ਤੱਕ ਪੁੱਜ ਚੁੱਕੀ ਹੈ ਪਰ ਇਹ ਹਾਲੇ ਤੱਕ ਪੰਜਾਬ, ਹਰਿਆਣਾ, ਦਿੱਲੀ ਤੇ ਪੱਛਮੀ ਰਾਜਸਥਾਨ ਤੱਕ ਨਹੀਂ ਪੁੱਜੀ।

 

ਮੌਸਮ ਵਿਭਾਗ ਨੇ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਮੌਨਸੂਨ ਐਤਕੀਂ ਬਹੁਤ ਪਹਿਲਾਂ ਜੂਨ ’ਚ ਹੀ ਉੱਤਰੀ ਭਾਰਤ ਵਿੱਚ ਆ ਜਾਵੇਗੀ ਪਰ ਜੂਨ ਤਾਂ ਛੱਡੋ, ਹੁਣ ਤਾਂ ਜੁਲਾਈ ਮਹੀਨਾ ਵੀ ਅੱਧਾ ਨਿੱਕਲ ਚੱਲਿਆ ਹੈ। ਪਿਛਲੇ ਮਹੀਨੇ 13 ਜੂਨ ਨੂੰ ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਮੌਨਸੂਨ 15 ਜੂਨ ਤੱਕ ਦਿੱਲੀ ਪੁੱਜ ਜਾਵੇਗੀ। ਪਰ ਫਿਰ ਇੱਕ ਦਿਨ ਬਾਅਦ ’ਚ ਹੀ ਉਸ ਨੇ ਕਿਹਾ ਕਿ ਹਾਲੇ ਹਾਲਾਤ ਮੌਨਸੂਨ ਦੇ ਬੱਦਲਾਂ ਲਈ ਸੁਖਾਵੇਂ ਨਹੀਂ ਹਨ। ਹਵਾ ਦਾ ਰੁਖ਼ ਬਦਲ ਗਿਆ ਹੈ।

 

ਫਿਰ ਮੌਸਮ ਵਿਭਾਗ ਨੇ 1 ਜੁਲਾਈ ਨੂੰ ਭਵਿੱਖਬਾਣੀ ਕੀਤੀ ਕਿ ਮੌਨਸੂਨ ਦੀ ਵਰਖਾ 7 ਜੁਲਾਈ ਤੱਕ ਉੱਤਰ–ਪੱਛਮੀ ਭਾਰਤ ’ਚ ਆ ਜਾਵੇਗੀ। ਇਹ ਵੀ ਦੱਸਿਆ ਗਿਆ ਕਿ ਬੰਗਾਲ ਦੀ ਖਾੜੀ ਵਿੱਚ ਸਿੱਲ੍ਹੀਆਂ ਪੂਰਬੀ ਹਵਾਵਾਂ ਦੇ ਹੌਲੀ-ਹੌਲੀ ਪੂਰਬੀ ਭਾਰਤ ਵੱਲ ਵਧਣਗੀਆਂ।

 

ਉਸ ਤੋਂ ਬਾਅਦ 5 ਜੁਲਾਈ ਨੂੰ ਭਾਰਤੀ ਮੌਸਮ ਵਿਭਾਗ ਨੇ ਆਖਿਆ ਕਿ 10 ਜੁਲਾਈ ਤੱਕ ਮੌਨਸੂਨ ਦੀ ਵਰਖਾ ਦੇ ਪੰਜਾਬ ਤੇ ਹਰਿਆਣਾ ਸਮੇਤ ਉੱਤਰ-ਪੱਛਮੀ ਭਾਰਤ ਤੱਕ ਪੁੱਜ ਜਾਣ ਦੀ ਆਸ ਹੈ। ਉਸ ਤੋਂ ਪਹਿਲਾਂ ਵਿਭਾਗ ਨੇ ਆਖਿਆ ਸੀ ਕਿ 31 ਮਈ ਤੱਕ ਮੌਨਸੂਨ ਕੇਰਲ ਪੁੱਜ ਜਾਵੇਗੀ; ਬਾਅਦ ’ਚ ਉਸ ਨੇ ਆਪਣਾ ਬਿਆਨ ਬਦਲਦਿਆਂ ਆਖਿਆ ਕਿ ਇਹ ਹੁਣ 3 ਜੂਨ ਤੱਕ ਕੇਰਲ ਪੁੱਜੇਗੀ।

 

ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤਯੂੰਜੇ ਮਹਾਪਾਤਰਾ ਮੁਤਾਬਕ ਉੱਤਰ-ਪੱਛਮੀ ਭਾਰਤ ਉੱਤੇ ਦਰਅਸਲ ਕਦੇ ਪੱਛਮੀ ਹਵਾਵਾਂ ਦਾ ਅਸਰ ਹੁੰਦਾ ਹੈ ਤੇ ਕਦੇ ਪੂਰਬੀ ਹਵਾਵਾਂ ਦਾ। ਇਸ ਨੂੰ See-Saw ਵਾਲੀ ਸਥਿਤੀ ਮੰਨਿਆ ਜਾ ਸਕਦਾ ਹੈ। ਇਸ ਵਾਰ ਜਦੋਂ ਕਦੇ ਬੰਗਾਲ ਦੀ ਖਾੜੀ ਵੱਲੋਂ ਪੂਰਬੀ ਹਵਾਵਾਂ ਉੱਤਰ-ਪੱਛਮੀ ਭਾਰਤ ਤੱਕ ਪੁੱਜਣ ਦੀ ਕੋਸ਼ਿਸ਼ ਕਰਦੀਆਂ ਹਨ, ਤਾਂ ਪੱਛਮ ਵਾਲੇ ਪਾਸਿਓਂ ਹਵਾਵਾਂ ਵਿੱਚ ਆ ਕੇ ਵਿਘਨ ਪਾ ਦਿੰਦੀਆਂ ਹਨ।