ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਆਪਣੇ ਆਖ਼ਰੀ ਪੜਾਅ 'ਤੇ ਹਨ। ਅੱਜ ਆਖ਼ਰੀ ਗੇੜ ਲਈ 8 ਸੂਬਿਆਂ ਦੀਆਂ 59 ਸੀਟਾਂ 'ਤੇ ਪੋਲਿੰਗ ਹੋ ਰਹੀ ਹੈ। ਨਤੀਜੇ 23 ਮਈ ਨੂੰ ਆਉਣੇ ਹਨ ਪਰ ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਆਪੋ-ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ। ਵਿਰੋਧੀ ਦਲਾਂ ਦਾ ਦਾਅਵਾ ਹੈ ਕਿ ਸੱਤਾਧਾਰੀ ਐਨਡੀਏ 272 ਸੀਟਾਂ ਦਾ ਅੰਕੜਾ ਹਾਸਲ ਨਹੀਂ ਕਰ ਪਾਏਗਾ।


ਇਸ ਦੇ ਨਾਲ ਹੀ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਨੇ ਮੋਰਚਾ ਸਾਂਭ ਲਿਆ ਹੈ। ਉਨ੍ਹਾਂ ਆਪਣੇ ਲੀਡਰਾਂ ਨੂੰ ਕਿਹਾ ਕਿ ਉਹ 23 ਮਈ ਨੂੰ ਨਤੀਜਿਆਂ ਦੇ ਐਲਾਨ ਹੁੰਦਿਆਂ ਹੀ ਬੈਠਕ ਬੁਲਾਉਣ। ਉਨ੍ਹਾਂ ਖੇਤਰੀ ਪਾਰਟੀਆਂ ਨਾਲ ਸਮਝੌਤਾ ਕਰਨ ਨੂੰ ਕਿਹਾ ਹੈ, ਖ਼ਾਸਕਰ ਜੋ NDA ਤੇ UPA ਦਾ ਹਿੱਸਾ ਨਹੀਂ ਹਨ।

ਭਾਰਤੀ ਸਿਆਸਤ ਵਿੱਚ ਚਾਰ ਖੇਮੇ ਹਨ। ਪਹਿਲਾ ਬੀਜੇਪੀ ਦੀ ਅਗਵਾਈ ਵਾਲਾ NDA, ਦੂਜਾ ਕਾਂਗਰਸ ਦੀ ਅਗਵਾਈ ਵਾਲਾ UPA, ਤੀਜਾ ਜੋ ਕਿਸੇ ਵੀ ਖੇਮੇ ਵਿੱਚ ਨਹੀਂ ਪਰ ਕਾਂਗਰਸ ਨਾਲ ਜਾ ਸਕਦਾ ਹੈ ਤੇ ਚੌਥਾ ਜੋ ਹਾਲ-ਫਿਲਹਾਲ 'ਚ ਕਿਸੇ ਨਾਲ ਵੀ ਨਹੀਂ ਦਿੱਸ ਰਿਹਾ।

ਇਨ੍ਹਾਂ ਵਿੱਚੋਂ NDA ਦੀ ਗੱਲ ਕੀਤੀ ਜਾਏ ਤਾਂ ਇਸ ਗਠਜੋੜ ਵਿੱਚ 40 ਦੇ ਕਰੀਬ ਛੋਟੀਆਂ-ਵੱਡੀਆਂ ਪਾਰਟੀਆਂ ਹਨ। ਇਸ ਵਿੱਚ ਬੀਜੇਪੀ ਦੇ ਖ਼ਾਸ-ਮ-ਖ਼ਾਸ ਵਿੱਚੋਂ ਨਿਤੀਸ਼ ਕੁਮਾਰ ਦੀ JDU, ਸ਼ਿਵ ਸੈਨਾ, ਦੱਖਣ ਭਾਰਤ ਵਿੱਚ AIADMK, PMK, DMDK ਤੇ ਹੋਰ ਸ਼ਾਮਲ ਹਨ। ਇਸ ਤੋਂ ਇਲਾਵਾ ਬੀਜੇਪੀ ਦਾ ਸਭ ਤੋਂ ਪੁਰਾਣੀ ਭਾਈਵਾਲ ਸੁਖਬੀਰ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਤੇ ਅਨੁਪ੍ਰਿਯਾ ਪਟੇਲ ਦਾ ਅਪਨਾ ਦਲ ਵੀ ਬੀਜੇਪੀ ਨਾਲ ਹੈ। ਪ੍ਰਫੁੱਲ ਮਹੰਤਾ ਦੀ ਪਾਰਟੀ ਅਸਮ ਗਣ ਪ੍ਰੀਸ਼ਦ ਵੀ ਬੀਜੇਪੀ ਖੇਮੇ ਵਿੱਚ ਹੈ।

ਦੂਜੇ ਪਾਸੇ ਯੂਪੀਏ ਦੀ ਗੱਲ ਕਰੀਏ ਤਾਂ ਇਸ ਵਿੱਚ ਲਾਲੂ ਪ੍ਰਸਾਦ ਦੀ ਪਾਰਟੀ RJD, ਸ਼ਰਦ ਪਵਾਰ ਦੀ NCP, ਐਚਡੀ ਦੇਵਗੌੜਾ ਦੀ JDS, ਉਪੇਂਦਰ ਕੁਸ਼ਵਾਹਾ ਦੀ RLSP, ਐਮਕੇ ਸਟਾਲਿਨ ਦੀ DMK, ਬਦਰੂਦੀਨ ਅਜਮਲ ਦੀ AIUDF ਤੇ ਸ਼ਿਬੂ ਸਾਰੇਨ ਦੀ JMM ਮੁੱਖ ਪਾਰਟੀਆਂ ਹਨ।

ਇਸ ਤੋਂ ਇਲਾਵਾ ਇੱਕ ਧੜਾ ਹੈ ਜੋ ਬੀਜੇਪੀ ਦੇ ਖਿਲਾਫ ਹੈ ਤੇ ਕਾਂਗਰਸ ਨਾਲ ਹੱਥ ਮਿਲਾ ਸਕਦਾ ਹੈ। ਇਸ ਵਿੱਚ ਮਾਇਆਵਤੀ ਦੀ BSP, ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ, ਮਮਤਾ ਬੈਨਰਜੀ ਦੀ TMC, CPIM, ਅਰਵਿੰਦ ਕੇਜਰੀਵਾਲ ਦੀ AAP ਤੇ ਚੰਦਰਬਾਬੂ ਨਾਇਡੂ ਦੀ ਪਾਰਟੀ TDP ਸ਼ਾਮਲ ਹਨ।