ਚੰਡੀਗੜ੍ਹ: ਲੋਕ ਸਭਾ ਚੋਣਾਂ ਦਾ ਪਹਿਲਾ ਗੇੜ ਅੱਜ ਸ਼ੁਰੂ ਹੋ ਚੁੱਕਿਆ ਹੈ। ਦੇਸ਼ ਭਰ ਦੀਆਂ ਨਜ਼ਰਾਂ 12 ਮਈ ਨੂੰ ਹੋਣ ਵਾਲੀਆਂ ਦਿੱਲੀ ਦੀਆਂ ਚੋਣਾਂ 'ਤੇ ਗੱਡੀਆਂ ਹੋਈਆਂ ਹਨ। ਖਾਸਕਰ ਮਹੀਨੇ ਭਰ ਤੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗਠਜੋੜ ਦੀਆਂ ਦੀਆਂ ਚਰਚਾਵਾਂ ਹੁੰਦੀਆਂ ਰਹੀਆਂ, ਜਿਸ 'ਤੇ ਹੁਣ ਤਕ ਦੋਵੇਂ ਪਾਰਟੀਆਂ ਗੱਲ ਕਿਸੇ ਸਿਰੇ ਨਹੀਂ ਚੜ੍ਹਾ ਸਕੀਆਂ। ਆਖ਼ਰਕਰ ਬੁੱਧਵਾਰ ਨੂੰ 'ਆਪ' ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਰਸਮੀ ਐਲਾਨ ਕਰ ਦਿੱਤਾ ਕਿ ਪਾਰਟੀ ਕਾਂਗਰਸ ਨਾਲ ਗਠਜੋੜ ਨਹੀਂ ਕਰੇਗੀ।


ਗਠਜੋੜ ਸਿਰ ਨਾ ਚੜ੍ਹਨ ਦਾ ਕਈ ਕਾਰਨ ਹਨ। ਸਭ ਤੋਂ ਪਹਿਲਾ ਕਾਰਨ ਇਹ ਕਿ ਦਿੱਲੀ ਦੇ ਨਾਲ-ਨਾਲ ਆਪ ਹਰਿਆਣਾ ਵਿੱਚ ਵੀ ਕਾਂਗਰਸ ਨਾਲ ਗਠਜੋੜ ਕਰਨਾ ਚਾਹੁੰਦੀ ਸੀ ਪਰ ਕਾਂਗਰਸ ਕਿਸੇ ਵੀ ਹਾਲਤ ਵਿੱਚ ਹਰਿਆਣਾ ਵਿੱਚ ਲੋਕ ਸਭਾ ਸੀਟਾਂ ਉਤੇ ਕਾਂਗਰਸ ਨਾਲ ਗਠਜੋੜ ਲਈ ਰਾਜ਼ੀ ਨਹੀਂ ਸੀ। ਇਸ ਪਿੱਛੇ ਸਭ ਤੋਂ ਵੱਡੀ ਵਜ੍ਹਾ ਇਸ ਸਾਲ ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ। ਕਾਂਗਰਸ ਹਰਿਆਣਾ ਵਿੱਚ ਆਪਣੇ ਆਪ ਨੂੰ ਮਜ਼ਬੂਤ ਮੰਨ ਰਹੀ ਹੈ। ਇਸ ਲਈ ਉਸ ਨੂੰ ਗਠਜੋੜ ਕਰਨ ਨਾਲ ਵਿਧਾਨ ਸਭਾ ਵਿੱਚ ਨੁਕਸਾਨ ਹੋ ਸਕਦਾ ਸੀ।

ਦੂਜੀ ਗੱਲ, ਆਪ ਦੀ ਵਿਰੋਧੀ ਦਿੱਲੀ ਕਾਂਗਰਸ ਦਾ ਇੱਕ ਧੜਾ ਸ਼ੁਰੂ ਤੋਂ ਹੀ ਗਠਜੋੜ ਦਾ ਵਿਰੋਧ ਕਰ ਰਿਹਾ ਸੀ। ਇਸ ਧੜੇ ਦਾ ਮੰਨਣਾ ਸੀ ਕਿ ਕਾਂਗਰਸ ਦੇ ਪੁਰਾਣੇ ਵੋਟਰ ਵਾਪਸ ਆ ਗਏ ਹਨ ਕਿਉਂਕਿ ਉਨ੍ਹਾਂ ਦੀ 'ਆਪ' ਸਰਕਾਰ ਨਾਲ ਨਾਰਾਜ਼ਗੀ ਸਾਫ ਦਿੱਸ ਰਹੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵੀ ਇਸ ਦੀ ਤਸਵੀਰ ਸਾਫ ਕਰਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਦਿੱਲੀ ਵਿੱਚ 'ਆਪ' ਤੇ ਕੇਂਦਰ ਵਿੱਚ ਬੀਜੇਪੀ ਸਰਕਾਰ ਤੋਂ ਨਾਰਾਜ਼ ਵੋਟਰ ਕਾਂਗਰਸ ਨੂੰ ਮਜ਼ਬੂਤ ਕਰਨਗੇ।

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜੇ ਦਿੱਲੀ ਵਿੱਚ 'ਆਪ'-ਕਾਂਗਰਸ ਦਾ ਗਠਜੋੜ ਹੁੰਦਾ ਤਾਂ ਕੀ ਵਿਧਾਨ ਸਭਾ ਚੋਣਾਂ ਵੀ ਪਾਰਟੀਆਂ ਇਕੱਠੀਆਂ ਹੀ ਲੜਦੀਆਂ। 2020 ਵਿੱਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇੱਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਇਸੇ ਵਜ੍ਹਾ ਕਰਕੇ 'ਆਪ' ਨਾਲ ਗਠਜੋੜ ਦਾ ਵਿਰੋਧ ਕਰ ਰਹੀ ਸਨ।

ਦਿੱਲੀ ਦੀ ਸਿਆਸਤ ਨੂੰ ਨੇੜੇ ਤੋਂ ਜਾਣਨ ਵਾਲੇ ਮਾਹਰਾਂ ਦਾ ਮੰਨਣਾ ਹੈ ਕਿ ਜੇ 2019 ਵਿੱਚ ਦਿੱਲੀ 'ਚ 'ਆਪ' ਨਾਲ ਕਾਂਗਰਸ ਦਾ ਗਠਜੋੜ ਹੋ ਜਾਂਦਾ ਤਾਂ ਜ਼ਿਆਦਾ ਫਾਇਦਾ ਕੇਜਰੀਵਾਲ ਨੂੰ ਹੀ ਹੋਣਾ ਸੀ। ਅਜਿਹਾ ਵੀ ਹੋ ਸਕਦਾ ਹੈ ਕਿ ਕਾਂਗਰਸ ਦੇ ਸਮਰਥਨ ਨਾਲ 'ਆਪ' ਉਮੀਦਵਾਰ ਸੀਟ ਜਿੱਤ ਜਾਂਦੇ ਤੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ।

ਗਠਜੋੜ ਨਾ ਹੋਣ ਦੀ 5ਵੀਂ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਸ਼ੀਲਾ ਦੀਕਸ਼ਿਤ ਤੇ ਉਨ੍ਹਾਂ ਨਾਲ ਹੋਰ ਤਿੰਨ ਕਾਰਜਕਾਰੀ ਪ੍ਰਧਾਨ ਰਾਜੇਸ਼ ਲਿਲੋਠੀਆ, ਦੇਵੇਂਦਰ ਯਾਦਵ ਤੇ ਹਾਰੂਰ ਯੁਸੂਫ ਵੀ ਆਪ ਨਾਲ ਗਠਜੋੜ ਕਰਨ ਲਈ ਜ਼ਿਆਦਾ ਇਛੁੱਕ ਨਹੀਂ ਸੀ। ਸਾਬਕਾ ਕੇਂਦਰੀ ਮੰਤਰੀ ਤੇ ਦਿੱਲੀ ਦੇ ਦਿੱਗਜ ਕਾਂਗਰਸ ਲੀਡਰ ਅਜੈ ਮਾਕਨ ਹੀ ਆਪ ਦੇ ਗਠਜੋੜ ਦੀ ਹਮਾਇਤ ਕਰ ਰਹੇ ਸਨ। ਸਭ ਤੋਂ ਵੱਡੀ ਗੱਲ ਇਹ ਸੀ ਕਿ ਆਪ ਨਾਲ ਗਠਜੋੜ ਦਾ ਫੈਸਲਾ ਰਾਹੁਲ ਗਾਂਧੀ 'ਤੇ ਹੀ ਛੱਡਿਆ ਗਿਆ ਸੀ। ਰਾਹੁਲ ਗਾਂਧੀ ਖ਼ੁਦ ਕਸ਼ਮਕਸ਼ ਵਿੱਚ ਸਨ। ਇਸੇ ਕਰਕੇ ਮਹੀਨੇ ਬਾਅਦ ਵੀ ਉਨ੍ਹਾਂ ਵੱਲੋਂ ਕੋਈ ਫੈਸਲਾ ਨਹੀਂ ਆਇਆ।