ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਿੱਚੋਂ ਕਈਆਂ ਨੇ ਸੋਸ਼ਲ ਮੀਡੀਆ ਉੱਤੇ ਆਪਣਾ ਅਕਾਊਟ ਬਣਾਇਆ ਹੈ। ਐਤਵਾਰ ਦੀ ਸ਼ਾਮ ਨੂੰ ਫ਼ੇਸਬੁੱਕ ਨੇ 7 ਲੱਖ ਤੋਂ ਵੱਧ ਫ਼ੌਲੋਅਰਜ਼ ਵਾਲੇ ਕਿਸਾਨ ਏਕਤਾ ਮੋਰਚਾ ਦੇ ਪੰਨੇ ਨੂੰ ਬਲੌਕ ਕਰ ਦਿੱਤਾ ਸੀ। ਸੰਗਠਨ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਵੀ ਉਨ੍ਹਾਂ ਦੇ ਕੰਟੈਂਟ ਪੋਸਟ ਕਰਨ ਉੱਤੇ ਰੋਕ ਲਾ ਦਿੱਤੀ ਗਈ ਸੀ। ਹੁਣ ‘ਫ਼ੇਸਬੁੱਕ’ ਨੇ ਇਸ ਦਾ ਕਾਰਨ ਦੱਸਿਆ ਹੈ।


ਅੱਜ ‘ਫ਼ੇਸਬੁੱਕ’ ਦੇ ਬੁਲਾਰੇ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ‘ਸਾਡੀ ਸਮੀਖਿਆ ’ਚ ਇਹ ਸਾਹਮਣੇ ਆਇਆ ਹੈ ਕਿ ਸਾਡੇ ਆਟੋਮੇਟਡ ਸਿਸਟਮ ਨੂੰ ਫ਼ੇਸਬੁੱਕ ਪੰਨੇ www.facebook.com/kisanektamorcha ਉੱਤੇ ਬਹੁਤ ਤੇਜ਼ੀ ਨਾਲ ਗਤੀਵਿਧੀ ਵਧੀ ਹੋਈ ਵਿਖਾਈ ਦਿੱਤੀ ਸੀ; ਜਿਸ ਤੋਂ ਬਾਅਦ ਸਿਸਟਮ ਨੇ ਪੇਜ ਨੂੰ ਸਪੈਮ ਕਰ ਦਿੱਤਾ; ਜੋ ਸਾਡੀ ਕਮਿਊਨਿਟੀ ਸਟੈਂਡਰਡ ਦੀ ਉਲੰਘਣਾ ਕਰਦਾ ਹੈ। ਜਦੋਂ ਸਾਨੂੰ ਸਾਰਾ ਮਾਮਲਾ ਪਤਾ ਲੱਗਾ, ਤਾਂ ਅਸੀਂ ਉਹ ਪੰਨਾ ਤਿੰਨ ਘੰਟਿਆਂ ਅੰਦਰ ਬਹਾਲ ਕਰ ਦਿੱਤਾ।’

ਰੀਵਿਊ ’ਚ ਲਿਖਿਆ ਹੈ ਕਿ ਆਟੋਮੇਟਡ ਸਿਸਟਮ ਨੇ ਫ਼ੇਸਬੁੱਕ ਪੰਨੇ ਨੂੰ ਸਿਰਫ਼ ਬਲੌਕ ਕੀਤਾ ਸੀ; ਇੰਸਟਾਗ੍ਰਾਮ ਅਕਾਊਂਟ ਪ੍ਰਭਾਵਿਤ ਨਹੀਂ ਹੋਇਆ ਸੀ। ਬੁਲਾਰੇ ਨੇ ਦੱਸਿਆ ਕਿ ਸਪੈਮ ਵਿਰੁੱਧ ਸਾਡਾ ਕੰਮ ਜ਼ਿਆਦਾਤਰ ਆਟੋਮੈਟਿਕਲੀ ਹੁੰਦਾ ਹੈ; ਜਿਸ ਦੀ ਪਛਾਣ ਵਿਵਹਾਰ ਪੱਧਤੀ ਨੂੰ ਵੇਖ ਕੇ ਕੀਤੀ ਜਾਂਦੀ ਹੈ। ਉਦਾਹਰਣ ਵਜਂ ਜੇ ਕੋਈ ਅਕਾਊਂਟ ਬਹੁਤ ਛੇਤੀ–ਛੇਤਾ ਇੱਕ ਤੋਂ ਬਾਅਦ ਇੱਕ ਪੋਸਟਿੰਗ ਕਰਦਾ ਹੈ, ਤਾਂ ਇਸ ਤੋਂ ਇਹੋ ਲੱਗਦਾ ਹੈ ਕਿ ਕੁਝ ਤਾਂ ਗ਼ਲਤ ਹੈ; ਭਾਵੇਂ ਜਿੱਥੇ ਮਨੁੱਖੀ ਸਥਿਤੀ ਸਮਝਣ ਦੀ ਜ਼ਰੂਰਤ ਹੁੰਦੀ ਹੈ, ਉੱਥੇ ਸਾਡੀ ਮਨੁੱਖੀ ਸਮੀਖਿਆ ਟੀਮ ਵੀ ਬੈਠ ਕੇ ਕੰਮ ਕਰਦੀ ਹੈ।