ਨਵੀਂ ਦਿੱਲੀ: ਬੀਜੇਪੀ ਦੇ ਸੀਨੀਅਰ ਲੀਡਰ ਸੁਬਰਾਮਨੀਅਮ ਸਵਾਮੀ ਨੇ ਇੱਕ ਵਾਰ ਫਿਰ ਰਾਮ ਮੰਦਰ ਮੁੱਦੇ ਨੂੰ ਹਵਾ ਦਿੱਤੀ ਹੈ। ਸਵਾਮੀ ਨੇ ਦਾਅਵਾ ਕੀਤਾ ਹੈ ਕਿ ਅਗਲੀ ਦੀਵਾਲੀ ਤੋਂ ਪਹਿਲਾਂ ਰਾਮ ਮੰਦਰ ਤਿਆਰ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਕੋਰਟ 'ਚ ਜਲਦ ਸੁਣਵਾਈ ਸ਼ੁਰੂ ਹੋਣ ਵਾਲੀ ਹੈ।


ਮੁੰਬਈ ਦੇ ਦਾਦਰ 'ਚ ਸੰਤਾਂ ਦੀ ਬੈਠਕ 'ਚ ਸਵਾਮੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਅਗਲੇ ਸਾਲ ਦੀ ਦੀਵਾਲੀ ਰਾਮ ਭਗਤ ਆਪਣੇ ਸਾਥੀਆਂ ਨਾਲ ਅਯੋਧਿਆ 'ਚ ਮਨਾਉਣਗੇ। ਉਨ੍ਹਾਂ ਕਿਹਾ, "ਮੈਂ ਸਮਝਦਾ ਹਾਂ ਕਿ ਸਾਰੇ ਦਸਤਾਵੇਜ਼ਾਂ ਦੇ ਅਧਾਰ 'ਤੇ ਰੋਜ਼ਾਨਾ ਹੋਣ ਵਾਲੀ ਸੁਣਵਾਈ ਜਲਦ ਸ਼ੁਰੂ ਹੋ ਜਾਵੇਗੀ। ਮਾਰਚ ਦੇ ਅਖੀਰ ਤੱਕ ਦੋਵੇਂ ਪੱਖਾਂ ਦੀ ਬਹਿਸ ਪੂਰੀ ਹੋ ਜਾਵੇਗੀ। ਕੋਰਟ ਫਿਰ ਫੈਸਲਾ ਸੁਰੱਖਿਅਤ ਰੱਖ ਲਵੇਗਾ। ਮਈ ਤੇ ਜੂਨ ਦੀਆਂ ਛੁੱਟੀਆਂ ਤੋਂ ਬਾਅਦ ਜੁਲਾਈ ਜਾਂ ਅਗਸਤ 'ਚ ਫੈਸਲਾ ਆ ਜਾਣਾ ਹੈ। ਅਸੀਂ ਦੀਵਾਲੀ ਰਾਮ ਮੰਦਰ 'ਚ ਹੀ ਮਨਾਵਾਂਗੇ।"

ਇਹ ਪਹਿਲਾ ਮੌਕਾ ਨਹੀਂ ਹੈ ਜਦ ਸਵਾਮੀ ਨੇ ਰਾਮ ਮੰਦਰ 'ਤੇ ਅਜਿਹਾ ਬਿਆਨ ਦਿੱਤਾ ਹੋਵੇ। ਇਸ ਤੋਂ ਇੱਕ ਮਹੀਨੇ ਪਹਿਲਾਂ ਪਟਨਾ 'ਚ ਹੋਏ ਪ੍ਰੋਗਰਾਮ 'ਚ ਸਵਾਮੀ ਨੇ ਆਉਣ ਵਾਲੀ ਦੀਵਾਲੀ ਅਯੋਧਿਆ ਦੇ ਰਾਮ ਮੰਦਰ 'ਚ ਮਨਾਉਣ ਦੀ ਗੱਲ ਆਖੀ ਸੀ। ਰਾਜਨੀਤੀ ਦੇ ਮਾਹਰਾਂ ਦਾ ਕਹਿਣਾ ਹੈ ਕਿ ਗੁਜਰਾਤ ਚੋਣਾਂ ਨੂੰ ਵੇਖਦੇ ਹੋਏ ਸਵਾਮੀ ਅਜਿਹੇ ਬਿਆਨ ਦੇ ਰਹੇ ਹਨ।