ਕੀ ਤੁਸੀਂ ਕਦੇ ਸੋਚਿਆ ਹੈ ਕਿ ਕਿਸੇ ਝੋਟੇ ਦੀ ਕੀਮਤ ਵੀ ਕਰੋੜਾਂ ’ਚ ਹੋ ਸਕਦੀ ਹੈ। ਹਰਿਆਣਾ ’ਚ ਇੱਕ ਅਜਿਹਾ ਝੋਟਾ ‘ਯੁਵਰਾਜ’ ਹੈ, ਜਿਸ ਦੀ ਕੀਮਤ 9 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਰਨਾਲ ਦੇ ਕਿਸਾਨ ਕਰਮਬੀਰ ਨੇ ਯੁਵਰਾਜ ਨੂੰ ਆਪਣੀ ਔਲਾਦ ਵਾਂਗ ਬਹੁਤ ਪਿਆਰ ਨਾਲ ਪਾਲਿਆ ਹੈ। ਇਹ ਝੋਟਾ 9 ਫ਼ੁੱਟ ਲੰਬਾ ਹੈ ਤੇ ਛੇ ਫ਼ੁੱਟ ਉੱਚਾ ਹੈ। ਇਸ ਦਾ ਵਜ਼ਨ ਡੇਢ ਟਨ ਭਾਵ 1,500 ਕਿਲੋਗ੍ਰਾਮ ਹੈ।
ਲੋਕ ਯੁਵਰਾਜ ਦਾ ਵੀਰਜ (ਸੀਮੈੱਨ) ਵੱਧ ਤੋਂ ਵੱਧ ਕੀਮਤ ’ਚ ਵੀ ਖ਼ਰੀਦਣ ਲਈ ਤਿਆਰ ਹੁੰਦੇ ਹਨ। ਉਸ ਦੇ ਇੱਕ ਵਾਰ ਦੇ ਸੀਮੈੱਨ ਨੂੰ ਡਾਇਲਿਯੂਟ ਕਰ ਕੇ 500 ਡੋਜ਼ ਤਿਆਰ ਕੀਤੀਆਂ ਜਾਂਦੀਆਂ ਹਨ। ਇੱਕ ਡੋਜ਼ ਦੀ ਕੀਮਤ 300 ਰੁਪਏ ਹੁੰਦੀ ਹੈ। ਪਿਛਲੇ ਚਾਰ ਸਾਲਾਂ ਦੌਰਾਨ ਯੁਵਰਾਜ ਦੇ ਵੀਰਜ ਤੋਂ ਡੇਢ ਲੱਖ ਮੱਝਾਂ ਤੇ ਝੋਟਾ ਪੈਦਾ ਹੋ ਚੁੱਕੇ ਹਨ।
ਯੁਵਰਾਜ ਤੋਂ ਪੈਦਾ ਹੋਣ ਵਾਲੀਆਂ ਮੱਝਾਂ ਰੋਜ਼ਾਨਾ 18 ਤੋਂ 20 ਲਿਟਰ ਦੁੱਧ ਦਿੰਦੀਆਂ ਹਨ। ਯੁਵਰਾਜ ਦਾ ਇੱਕ ਬੱਚਾ (ਕੱਟਾ ਜਾਂ ਕੱਟੀ) ਜਨਮ ਸਮੇਂ ਹੀ 65 ਤੋਂ 70 ਕਿਲੋਗ੍ਰਾਮ ਦਾ ਹੁੰਦਾ ਹੈ। ਉਹ ਦੋ ਸਾਲ ਵਿੱਚ ਹੀ ਜਵਾਨ ਹੋ ਜਾਂਦੇ ਹਨ ਤੇ ਫਿਰ ਦੋ ਤੋਂ ਢਾਈ ਲੱਖ ਰੁਪਏ ਦੀ ਕੀਮਤ ’ਚ ਵਿਕਦੇ ਹਨ।
ਯੁਵਰਾਜ ਨੂੰ ਰੋਜ਼ਾਨਾ ਲਗਪਗ 20 ਕਿਲੋਗ੍ਰਾਮ ਦੁੱਧ ਤੇ 10 ਕਿਲੋਗ੍ਰਾਮ ਫਲ ਖੁਆਏ ਜਾਂਦੇ ਹਨ। ਹਰਾ ਚਾਰਾ ਤੇ ਦਾਣਾ ਖੁਆਇਆ ਜਾਂਦਾ ਹੈ। ਦਿਨ ਵਿੱਚ ਦੋ ਤੋਂ ਤਿੰਨ ਵਾਰ ਨੁਹਾਇਆ ਜਾਂਦਾ ਹੈ। ਸਰ੍ਹੋਂ ਦੇ ਤੇਲ ਦੀ ਮਾਲਸ਼ ਕੀਤੀ ਜਾਂਦੀ ਹੈ। ਰੋਜ਼ਾਨਾ 5 ਕਿਲੋਮੀਟਰ ਤੱਕ ਸੈਰ ਕਰਵਾਈ ਜਾਂਦੀ ਹੈ। ਦੇਸ਼-ਵਿਦੇਸ਼ ’ਚ ਮਸ਼ਹੂਰ ਯੁਵਰਾਜ ਦਾ ਖ਼ਰਚਾ ਪ੍ਰਤੀ ਮਹੀਨਾ 25 ਹਜ਼ਾਰ ਰੁਪਏ ਹੈ। ਯੁਵਰਾਜ ਨੂੰ ਕਈ ਪਸ਼ੂ ਮੇਲਿਆਂ ਵਿੱਚ ਐਵਾਰਡ ਮਿਲ ਚੁੱਕਾ ਹੈ।