ਨਵੀਂ ਦਿੱਲੀ: ਅਗਲੇ ਮਹੀਨੇ 27 ਮਾਰਚ ਤੋਂ ਪੰਜ ਰਾਜਾਂ ਪੱਛਮੀ ਬੰਗਾਲ, ਆਸਾਮ, ਕੇਰਲ, ਤਾਮਿਲਨਾਡੂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਜਾਵੇਗਾ। ਨਤੀਜੇ 2 ਮਈ ਨੂੰ ਆਉਣਗੇ। ‘ਏਬੀਪੀ ਨਿਊਜ਼’ ਨੇ ‘ਸੀ-ਵੋਟਰ’ ਨਾਲ ਮਿਲ ਕੇ ਇਨ੍ਹਾਂ ਚਾਰ ਰਾਜਾਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਸਰਵੇਖਣ (Opinion Poll) ਕਰਵਾਇਆ ਹੈ ਤੇ ਇੰਝ ਵੋਟਰਾਂ ਦੇ ਦਿਲ ’ਚ ਜਾਣਨ ਦੀ ਕੋਸ਼ਿਸ਼ ਕੀਤੀ ਗਈ।
ਸਭ ਤੋਂ ਪਹਿਲਾਂ ਜਾਣੋ ਪੱਛਮੀ ਬੰਗਾਲ ਦਾ ਹਾਲ
ਪੱਛਮੀ ਬੰਗਾਲ ਦੀ ਖੇਤਰ ਮੁਤਾਬਕ ਗੱਲ ਕਰੀਏ ਤਾਂ ਗ੍ਰੇਟਰ ਕੋਲਕਾਤਾ ਖੇਤਰ ਦੀਆਂ ਕੁੱਲ 35 ਸੀਟਾਂ ਵਿੱਚੋਂ ਜ਼ਿਆਦਾਤਰ ਉੱਤੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦਾ ਦਬਦਬਾ ਵਿਖਾਈ ਦੇ ਰਿਹਾ ਹੈ। ਗ੍ਰੇਟਰ ਕੋਲਕਾਤਾ ’ਚ ਇਸ ਪਾਰਟੀ ਦੇ ਖਾਤੇ ਵਿੱਚ 26 ਤੋਂ 30 ਸੀਟਾਂ ਜਾ ਸਕਦੀਆਂ ਹਨ ਤੇ ਭਾਜਪਾ ਨੂੰ ਦੋ ਤੋਂ ਛੇ ਸੀਟਾਂ ਮਿਲ ਸਕਦੀਆਂ ਹਨ। ਉੱਧਰ ਕਾਂਗਰਸ + ਖੱਬੀਆਂ ਪਾਰਟੀਆਂ ਦੇ ਗੱਠਜੋੜ ਨੂੰ ਮਸਾਂ ਦੋ ਤੋਂ ਚਾਰ ਸੀਟਾਂ ਮਿਲਣ ਦੀ ਆਸ ਹੈ।
ਉੱਤਰੀ ਬੰਗਾਲ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਝਟਕਾ ਲੱਗ ਸਕਦਾ ਹੈ ਕਿ ਉਸ ਇਲਾਕੇ ਦੀਆਂ ਕੁੱਲ 56 ਸੀਟਾਂ ਉੱਤੇ ਉਨ੍ਹਾਂ ਨੂੰ ਸਿਰਫ਼ 14 ਤੋਂ 18 ਸੀਟਾਂ ਮਿਲ ਸਕਦੀਆਂ ਹਨ; ਜਦਕਿ ਸਰਵੇਖਣ ’ਚ ਭਾਜਪਾ ਨੂੰ 21 ਤੋਂ 25 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਤੇ ਖੱਬੀਆਂ ਪਾਰਟੀਆਂ ਦਾ ਗੱਠਜੋੜ 13 ਤੋਂ 15 ਸੀਟਾਂ ਲਿਜਾ ਸਕਦਾ ਹੈ।
ਦੱਖਣੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦਾ ਜ਼ੋਰ ਹੈ। ਇੱਥੋਂ ਦੀਆਂ ਕੁੱਲ 84 ਸੀਟਾਂ ਵਿੱਚੋਂ ਉਸ ਨੂੰ 43 ਤੋਂ 47 ਸੀਟਾਂ ਮਿਲ ਸਕਦੀਆਂ ਹਨ; ਜਦ ਕਿ ਭਾਜਪਾ ਨੂੰ 24 ਤੋਂ 28 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਗੱਠਜੋੜ ਨੂੰ 12 ਤੋਂ 14 ਸੀਟਾਂ ਮਿਲ ਸਕਦੀਆਂ ਹਨ।
ਏਬੀਪੀ ਨਿਊਜ਼-ਸੀ ਵੋਟਰ ਦੇ ਓਪੀਨੀਅਨ ਪੋਲ ਮੁਤਾਬਕ ਦੱਖਣ-ਪੱਛਮੀ ਬੰਗਾਲ ਦੀਆਂ 119 ਸੀਟਾਂ ਉੱਤੇ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੀ ਸਖ਼ਤ ਟੱਕਰ ਹੈ। ਉੱਥੇ ਤ੍ਰਿਣਮੂਲ ਨੂੰ 65 ਤੋਂ 69, ਭਾਜਪਾ ਨੂੰ 45 ਤੋਂ 49 ਅਤੇ ਕਾਂਗਰਸ-ਖੱਬੀਆਂ ਪਾਰਟੀਆਂ ਨੂੰ 4 ਤੋਂ 6 ਸੀਟਾਂ ਮਿਲ ਸਕਦੀਆਂ ਹਨ। ਇੰਝ ਪੱਛਮੀ ਬੰਗਾਲ ’ਚ ਇੱਕ ਵਾਰ ਫਿਰ 148 ਤੋਂ 164 ਸੀਟਾਂ ਨਾਲ ਮਮਤਾ ਬੈਨਰਜੀ ਦੀ ਸਰਕਾਰ ਬਣ ਸਕਦੀ ਹੈ।
ਏਬੀਪੀ ਨਿਊਜ਼-ਸੀ ਵੋਟਰ ਓਪੀਨੀਅਨ ਪੋਲ ਮੁਤਾਬਕ ਪੱਛਮੀ ਬੰਗਾਲ ਦੀਆਂ ਕੁੱਲ 294 ਵਿਧਾਨ ਸਭਾ ਸੀਟਾਂ ਲਈ ਤ੍ਰਿਣਮੂਲ ਕਾਂਗਰਸ ਨੂੰ 43% ਵੋਟਾਂ ਮਿਲ ਸਕਦੀਆਂ ਹਨ; ਜਦ ਕਿ ਭਾਜਪਾ ਨੂੰ 38 ਫ਼ੀਸਦੀ ਵੋਟਾਂ ਮਿਲਣਗੀਆਂ। ਕਾਂਗਰਸ ਤੇ ਖੱਬੀਆਂ ਪਾਰਟੀਆਂ ਦਾ ਗੱਠਜੋੜ 13% ਵੋਟਾਂ ਲਿਜਾ ਸਕਦਾ ਹੈ।
ਆਸਾਮ ’ਚ ਮੁੜ ਬਣ ਸਕਦੀ ਭਾਜਪਾ ਗੱਠਜੋੜ ਦੀ ਸਰਕਾਰ
ਏਬੀਪੀ ਨਿਊਜ਼-ਸੀ ਵੋਟਰ ਓਪੀਨੀਅਨ ਪੋਲ ਮੁਤਾਬਕ ਆਸਾਮ ’ਚ ਭਾਜਪਾ ਨੂੰ 42% ਵੋਟਾਂ ਮਿਲਦੀਆਂ ਵਿਖਾਈ ਦੇ ਰਹੀਆਂ ਹਨ; ਜਦ ਕਿ ਕਾਂਗਰਸ ਗੱਠਜੋੜ 31% ਵੋਟਾਂ ਲਿਜਾ ਸਕਦਾ ਹੈ; ਜਦ ਕਿ ਹੋਰਨਾਂ ਦੇ ਖਾਤੇ 27% ਵੋਟਾਂ ਪੈ ਸਕਦੀਆਂ ਹਨ।
ਅੰਕੜਿਆਂ ਮੁਤਾਬਕ ਭਾਜਪਾ ਗੱਠਜੋੜ ਨੂੰ 68 ਤੋਂ 76 ਮਿਲ ਸਕਦੀਆਂ ਹਨ ਤੇ ਕਾਂਗਰਸ ਗੱਠਜੋੜ ਨੂੰ 43 ਤੋਂ 51 ਸੀਟਾਂ ਮਿਲ ਸਕਦੀਆਂ ਹਨ। ਹੋਰ ਸੀਟਾਂ ਉੱਤੇ 5 ਤੋਂ 10 ੳਮੀਦਵਾਰ ਜੇਤੂ ਹੋ ਸਕਦੇ ਹਨ। ਆਸਾਮ ’ਚ ਵਿਧਾਨ ਸਭਾ ਦੀਆਂ ਕੁੱਲ 126 ਸੀਟਾਂ ਹਨ ਤੇ ਸਦਨ ’ਚ ਬਹੁਮਤ ਲਈ 64 ਸੀਟਾਂ ਚਾਹੀਦੀਆਂ ਹਨ।
ਏਬੀਪੀ ਨਿਊਜ਼ ਤੇ ਸੀ-ਵੋਟਰ ਦੇ ਸਰਵੇਖਣ ਮੁਤਾਬਕ ਆਸਾਮ ਦੀ ਜਨਤਾ ਇੱਕ ਵਾਰ ਫਿਰ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੂੰ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੀ ਹੈ। ਸਰਵੇਖਣ ’ਚ ਸ਼ਾਮਲ ਹੋਏ 44% ਲੋਕਾਂ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੀ ਪਹਿਲੀ ਪਸੰਦ ਸਰਬਾਨੰਦ ਸੋਨੋਵਾਲ ਨੂੰ ਹੀ ਦੱਸਿਆ। ਦੂਜੇ ਨੰਬਰ ਉੱਤੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੇ ਪੁੱਤਰ ਤੇ ਕਾਂਗਰਸੀ ਆਗੂ ਗੌਰਵ ਗੋਗੋਈ ਹਨ। ਸਰਵੇਖਣ ’ਚ ਸ਼ਾਮਲ ਹੋਏ 26% ਲੋਕਾਂ ਨੇ ਉਨ੍ਹਾਂ ਨੂੰ ਆਪਣੀ ਪਸੰਦ ਦੱਸਿਆ ਹੈ।
ਤੀਜੇ ਨੰਬਰ ਉੱਤੇ ਰਾਜ ਦੇ ਵਿੱਤ ਮੰਤਰੀ ਹੇਮੰਤ ਵਿਸਵਾ ਸ਼ਰਮਾ ਹਨ; ਜਿਨ੍ਹਾਂ ਨੂੰ 15% ਲੋਕਾਂ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਪਹਿਲੀ ਪਸੰਦ ਵਜੋਂ ਚੁਣਿਆ ਹੈ।
ਕੇਰਲ ’ਚ ਮੁੜ ਬਣ ਸਕਦੀ ਖੱਬੇ ਮੋਰਚੇ ਦੀ ਸਰਕਾਰ
ਏਬੀਪੀ ਨਿਊਜ਼-ਸੀ ਵੋਟਰ ਓਪੀਨੀਅਨ ਪੋਲ ਦੇ ਨਤੀਜਿਆਂ ਅਨੁਸਾਰ ਸੀਪੀਆਈ(ਐਮ) ਦੀ ਅਗਵਾਈ ਹੇਠਲੇ ‘ਖੱਬੇ ਜਮਹੂਰੀ ਮੋਰਚੇ’ (LDF) ਨੂੰ 40 ਫ਼ੀਸਦੀ ਵੋਟਾਂ ਮਿਲ ਸਕਦੀਆਂ ਹਨ। ਕਾਂਗਰਸ ਦੀ ਅਗਵਾਈ ਹੇਠਲਾ ‘ਸਾਂਝਾ ਜਮਹੂਰੀ ਮੋਰਚਾ’ (UDF) 33 ਫ਼ੀ ਸਦੀ ਵੋਟਾਂ ਲਿਜਾ ਸਕਦਾ ਹੈ। ਭਾਜਪਾ ਨੂੰ 13 ਫ਼ੀਸਦੀ ਤੇ ਹੋਰਨਾਂ ਨੂੰ 15 ਫ਼ੀਸਦੀ ਵੋਟਾਂ ਮਿਲਣ ਦੀ ਆਸ ਹੈ।
LDF ਨੂੰ ਇਸ ਵਾਰ 83 ਤੋਂ 91 ਸੀਟਾਂ ਮਿਲ ਸਕਦੀਆਂ ਹਨ; ਜਦ ਕਿ UDF ਨੂੰ 47 ਤੋਂ 55 ਸੀਟਾਂ ਉੱਤੇ ਸਬਰ ਕਰਨਾ ਪਵੇਗਾ। ਭਾਜਪਾ ਨੂੰ ਸਿਰਫ਼ 2 ਸੀਟਾਂ ਮਿਲਦੀਆਂ ਦਿੱਸ ਰਹੀਆਂ ਹਨ। ਹੋਰਨਾਂ ਦੇ ਹਿੱਸੇ 2 ਸੀਟਾਂ ਜਾ ਸਕਦੀਆਂ ਹਨ।
ਸਰਵੇਖਣ ਦੌਰਾਨ 38.5 ਫ਼ੀ ਸਦੀ ਲੋਕਾਂ ਨੇ ਮੌਜੂਦਾ ਮੁੱਖ ਮੰਤਰੀ ਪਿਨਰਾਈ ਵਿਜਯਨ ਨੂੰ ਹੀ ਆਪਣੀ ਪਹਿਲੀ ਪਸੰਦ ਦੱਸਿਆ ਹੈ। ਉਨ੍ਹਾਂ ਦੇ ਮੁਕਾਬਲੇ 27 ਫ਼ੀ ਸਦੀ ਲੋਕਾਂ ਨੇ ਕਾਂਗਰਸ ਦੇ ਓਮਾਨ ਚਾਂਡੀ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਹੈ।
ਇੰਝ ਕੇਰਲ ਵਿੱਚ ਇੱਕ ਵਾਰ ਫਿਰ ਸੀਪੀਆਈ(ਐਮ) ਦੀ ਅਗਵਾਈ ਹੇਠਲੇ ਖੱਬੇ ਜਮਹੂਰੀ ਮੋਰਚੇ ਦੀ ਸਰਕਾਰ ਬਣ ਸਕਦੀ ਹੈ।
ਪੁੱਡੂਚੇਰੀ ’ਚ ਬਣ ਸਕਦੀ ਹੈ NDA ਸਰਕਾਰ
ਏਬੀਪੀ ਨਿਊਜ਼-ਸੀ ਵੋਟਰ ਓਪੀਨੀਅਨ ਪੋਲ ਮੁਤਾਬਕ ਪੁੱਡੂਚੇਰੀ ਨੂੰ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ (NDA) ਨੂੰ 46 ਫ਼ੀ ਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ। ਕਾਂਗਰਸ ਤੇ ਉਸ ਦੇ ਗੱਠਜੋੜ ਨੂੰ 36 ਫ਼ੀ ਸਦੀ ਵੋਟਾਂ ਮਿਲ ਸਕਦੀਆਂ ਹਨ। ਇਸ ਤੋਂ ਇਲਾਵਾ ਹੋਰਨਾਂ ਨੂੰ 18 ਫ਼ੀ ਸਦੀ ਵੋਟਾ ਮਿਲਣਗੀਆਂ।
ਓਪੀਨੀਅਨ ਪੋਲ ਅਨੁਸਾਰ ਭਾਜਪਾ ਦੇ NDA ਨੂੰ 17 ਤੋਂ 21 ਸੀਟਾਂ ਮਿਲ ਸਕਦੀਆਂ ਹਨ; ਜਦ ਕਿ ਕਾਂਗਰਸ ਗੱਠਜੋੜ ਨੂੰ 8 ਤੋਂ 12 ਸੀਟਾਂ ਮਿਲਣਗੀਆਂ। ਇਸ ਤੋਂ ਇਲਾਵਾ ਹੋਰਨਾਂ ਨੂੰ 1 ਤੋਂ 3 ਸੀਟਾਂ ਮਿਲਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਪੁੱਡੂਚੇਰੀ ਵਿੱਚ NDA ਦੀ ਸਰਕਾਰ ਬਣਨ ਦੀਆਂ ਪੂਰੀਆਂ ਸੰਭਾਵਨਾਵਾਂ ਵਿਖਾਈ ਦੇ ਰਹੀਆਂ ਹਨ।
ਤਾਮਿਲਨਾਡੂ ’ਚ ਬਣ ਸਕਦੀ DMK ਸਰਕਾਰ
ਏਬੀਪੀ ਨਿਊਜ਼-ਸੀ ਵੋਟਰ ਓਪੀਨੀਅਨ ਪੋਲ ਅਨੁਸਾਰ ਤਾਮਿਲ ਨਾਡੂ ’ਚ ਐਤਕੀਂ ‘ਡੀਐੱਮਕੇ’ (DMK) ਦੀ ਸਰਕਾਰ ਬਣ ਸਕਦੀ ਹੈ।
ਸਰਵੇਖਣ ਅਨੁਸਾਰ ਤਾਮਿਲ ਨਾਡੂ ਵਿੱਚ ‘ਆਲ ਇੰਡੀਆ ਅੰਨਾ ਡੀਐੱਮਕੇ’ (AIADMK) ਨੂੰ 29 ਫ਼ੀ ਸਦੀ ਵੋਟਾਂ ਮਿਲ ਸਕਦੀਆਂ ਹਨ ਤੇ ਡੀਐੱਮਕੇ ਗੱਠਜੋੜ ਨੂੰ 41 ਫ਼ੀ ਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ। ਹੋਰਨਾਂ ਦੇ ਖਾਤੇ ਵਿੱਚ 30 ਫ਼ੀਸਦੀ ਵੋਟਾਂ ਜਾ ਸਕਦੀਆਂ ਹਨ।
ਸਰਵੇਖਣ ਮੁਤਾਬਕ ਤਾਮਿਲ ਨਾਡੂ ਵਿੱਚ AIADMK ਗੱਠਜੋੜ ਨੂੰ 58 ਤੋਂ 66 ਸੀਟਾਂ ਮਿਲ ਸਕਦੀਆਂ ਹਨ; ਜਦ ਕਿ DMK ਗੱਠਜੋੜ ਨੂੰ 154 ਤੋਂ 162 ਸੀਟਾਂ ਮਿਲ ਸਕਦੀਆਂ ਹਨ। ਹੋਰਨਾਂ ਦੇ ਖਾਤੇ ’ਚ 8 ਸੀਟਾਂ ਜਾਣ ਦਾ ਅਨੁਮਾਨ ਹੈ।