ਕੋਲਕਾਤਾ: ਕਿਸਾਨ ਅੰਦੋਲਨ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਨੋਬੇਲ ਪੁਰਸਕਾਰ ਜੇਤੂ ਅਮ੍ਰਤਿਆ ਸੇਨ ਵੀ ਖੇਤੀ ਕਾਨੂੰਨ ਖਿਲਾਫ ਡਟ ਗਏ। ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਦੇ ਸਟੈਂਡ ਨਾਲ ਸਰਕਾਰ ਦੀਆਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਦਲੀਲਾਂ ਫੇਲ੍ਹ ਹੋ ਗਈਆਂ ਹਨ। ਹਾਰਵਰਡ ’ਵਰਸਿਟੀ ਦੇ ਪ੍ਰੋਫੈਸਰ ਸੇਨ (87) ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਨ੍ਹਾਂ ਕਾਨੂੰਨਾਂ ਦੀ ਮੁੜ ਸਮੀਖ਼ਿਆ ਕੀਤੀ ਜਾਣੀ ਬਣਦੀ ਹੈ, ਸਮੀਖ਼ਿਆ ਲਈ ਦਿੱਤੇ ਜਾ ਰਹੇ ਕਾਰਨ ‘ਠੋਸ’ ਹਨ।
ਅਮ੍ਰਤਿਆ ਸੇਨ ਨੇ ਕਿਹਾ ਕਿ ‘ਜਦ ਸਰਕਾਰ ਕੋਈ ਅਜਿਹੀ ਗਲਤੀ ਕਰਦੀ ਹੈ ਜੋ ਲੋਕਾਂ ਦਾ ਨੁਕਸਾਨ ਕਰਦੀ ਹੋਵੇ, ਤਾਂ ਬੋਲਣਾ ਜਾਇਜ਼ ਹੀ ਨਹੀਂ, ਜ਼ਰੂਰੀ ਹੁੰਦਾ ਹੈ। ਲੋਕਤੰਤਰ ਇਸ ਦੀ ਮੰਗ ਕਰਦਾ ਹੈ।’ ਇਸ ਦੇ ਨਾਲ ਹੀ ਮੁਲਕ ਵਿੱਚ ਬਹਿਸ ਤੇ ਅਸਹਿਮਤੀ ਲਈ ‘ਸੁੰਗੜਦੇ ਦਾਇਰੇ’ ਉਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਦੇਸ਼ ਵਿਚ ਲੋਕਾਂ ਨੂੰ ਬਿਨਾਂ ਸੁਣਵਾਈ ਜੇਲ੍ਹ ਵਿੱਚ ਸੁੱਟਿਆ ਜਾ ਰਿਹਾ ਹੈ। ਇਕਪਾਸੜ ਢੰਗ ਨਾਲ ਦੇਸ਼ਧ੍ਰੋਹ ਦੇ ਦੋਸ਼ ਮੜ੍ਹੇ ਜਾ ਰਹੇ ਹਨ।
ਸੇਨ ਨੇ ਤਿੱਖੇ ਲਹਿਜ਼ੇ ਵਿੱਚ ਕਿਹਾ ਕਿ ‘ਜਿਹੜੇ ਵਿਅਕਤੀ ਨੂੰ ਸਰਕਾਰ ਪਸੰਦ ਨਹੀਂ ਕਰਦੀ, ਉਸ ਨੂੰ ਸਰਕਾਰ ਵੱਲੋਂ ਅਤਿਵਾਦੀ ਗਰਦਾਨ ਕੇ ਜੇਲ੍ਹ ’ਚ ਸੁੱਟ ਦਿੱਤਾ ਜਾਂਦਾ ਹੈ।’ ਜਨਤਕ ਰੋਸ ਤੇ ਆਜ਼ਾਦ ਵਿਚਾਰ-ਵਟਾਂਦਰੇ ਦੇ ਕਈ ਮੌਕੇ ਜਾਂ ਤਾਂ ਘਟਾ ਦਿੱਤੇ ਗਏ ਹਨ ਜਾਂ ਫੇਰ ਠੱਪ ਹੀ ਕਰ ਦਿੱਤੇ ਗਏ ਹਨ।
ਉੱਘੇ ਅਰਥਸ਼ਾਸਤਰੀ ਨੇ ਕਿਹਾ ਕਿ ਨੌਜਵਾਨ ਕਾਰਕੁਨਾਂ ਜਿਵੇਂ ਕਨ੍ਹੱਈਆ ਕੁਮਾਰ, ਸ਼ੇਹਲਾ ਰਸ਼ੀਦ ਤੇ ਉਮਰ ਖਾਲਿਦ ਨਾਲ ਆਮ ਤੌਰ ’ਤੇ ਦੁਸ਼ਮਣਾਂ ਵਾਂਗ ਵਿਹਾਰ ਕੀਤਾ ਜਾਂਦਾ ਹੈ। ਸੇਨ ਨੇ ਕਿਹਾ ‘ਅਜਿਹੇ ਨੌਜਵਾਨ ਤੇ ਦੂਰਦਰਸ਼ੀ ਆਗੂਆਂ, ਜੋ ਸ਼ਾਂਤੀਪੂਰਨ ਤੇ ਅਹਿੰਸਕ ਰਾਹ ਅਖ਼ਤਿਆਰ ਕਰਨ ਲਈ ਵਚਨਬੱਧ ਹਨ, ਨੂੰ ਸਿਆਸੀ ਸੰਪਤੀ ਵਜੋਂ ਸਾਂਭਣ ਦੀ ਬਜਾਏ ਦੁਸ਼ਮਣਾਂ ਵਾਂਗ ਵਤੀਰਾ ਕੀਤਾ ਜਾ ਰਿਹਾ ਹੈ ਜਦਕਿ ਇਨ੍ਹਾਂ ਨੂੰ ਗਰੀਬ ਪੱਖੀ ਉੱਦਮਾਂ ਲਈ ਅੱਗੇ ਵਧਣ ਦੇ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ।’