ਨਵੀਂ ਦਿੱਲੀ: ਪਹਿਲਾਂ ਹੀ ਤਾਓਤੇ ਤੂਫਾਨ ਦੇ ਚੱਲਦਿਆਂ ਤਬਾਹੀ ਝੱਲ ਚੁੱਕੇ ਭਾਰਤ ਤੇ ਹੁਣ ਯਾਸ ਤੂਫਾਨ ਦਾ ਖਤਰਾ ਮੰਡਰਾ ਰਿਹਾ ਹੈ। ਇਹ ਤੂਫਾਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਕੱਲ੍ਹ ਤਕ ਇਹ ਤੂਫਾਨ ਓੜੀਸਾ ਪਹੁੰਚ ਜਾਵੇਗਾ। ਇਸ ਦੇ ਚੱਲਦਿਆਂ ਇੱਕ ਵਾਰ ਫਿਰ ਤੋਂ ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਬਾਰਸ਼ ਹੋ ਸਕਦੀ ਹੈ।ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ।


ਦਿੱਲੀ, ਬਿਹਾਰ, ਯੂਪੀ, ਹਰਿਆਣਾ ਤੇ ਬਿਹਾਰ ਸਮੇਤ ਪੰਜਾਬ 'ਤੇ ਵੀ ਇਸ ਦਾ ਪ੍ਰਭਾਵ ਪਵੇਗਾ। ਫਿਲਹਾਲ ਮੌਸਮ ਦੀ ਤਾਜ਼ਾ ਸਥਿਤੀ ਦੇ ਬਾਰੇ ਗੱਲ ਕਰੀਏ ਤਾਂ ਦਿੱਲੀ 'ਚ ਪਿਛਲੇ ਦਿਨੀਂ ਚੱਲੇ ਬਾਰਸ਼ ਦੇ ਦੌਰ ਤੋਂ ਬਾਅਦ ਮੌਸਮ ਇਕਸਾਰ ਬਣਿਆ ਹੋਇਆ ਹੈ। ਦਿਨ 'ਚ ਤੇਜ਼ ਧੁੱਪ ਦੇ ਨਾਲ ਹਵਾਵਾਂ ਵੀ ਚੱਲ ਰਹੀਆਂ ਹਨ। ਉੱਥੇ ਹੀ ਯੂਪੀ-ਪੰਜਾਬ ਦੇ ਕਈ ਇਲਾਕਿਆਂ 'ਚ ਗਰਮੀ ਨੇ ਆਪਣਾ ਅਸਰ ਦਿਖਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇੱਥੇ ਤਾਪਮਾਨ 42 ਡਿਗਰੀ ਪਾਰ ਕਰ ਸਕਦਾ ਹੈ।


ਅੱਜ ਤੋਂ ਝਾਰਖੰਡ 'ਚ ਯਾਸ ਤੂਫਾਨ ਦਾ ਪ੍ਰਭਾਵ ਦਿਖਣਾ ਸ਼ੁਰੂ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤੂਫਾਨ ਅੱਜ ਭਿਆਨਕ ਹੋ ਜਾਵੇਗਾ। ਜਿਸ ਦੇ ਚੱਲਦਿਆਂ ਕਈ ਇਲਾਕਿਆਂ 'ਚ ਭਾਰੀ ਬਾਰਸ਼ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਏਨਾ ਹੀ ਨਹੀਂ ਧਨਬਾਦ 'ਚ ਤਾਂ ਇਸ ਤੂਫਾਨ ਦਾ ਅਸਰ ਦਿਖਣ ਵੀ ਲੱਗਾ ਹੈ। ਤੜਕੇ ਤੋਂ ਹੀ ਇੱਥੇ ਬਾਰਸ਼ ਹੋ ਰਹੀ ਹੈ।


ਬੰਗਾਲ ਦੀ ਖਾੜੀ 'ਚ ਉੱਠੇ ਯਾਸ ਤੂਫਾਨ ਦਾ ਅਸਰ ਅੱਜ ਤੋਂ ਬਿਹਾਰ 'ਚ ਵੀ ਦਿਖਣ ਲੱਗੇਗਾ। ਇਸ ਦੇ ਚੱਲਦਿਆਂ ਤੇਜ਼ ਹਨ੍ਹੇਰੀ ਤੇ ਭਾਰੀ ਬਾਰਸ਼ ਦਾ ਖਦਸ਼ਾ ਹੈ। ਮੌਸਮ ਵਿਭਾਗ ਨੇ ਤੂਫਾਨ ਨੂੰ ਲੈ ਕੇ 25 ਤੋਂ 28 ਮਈ ਵਿੱਚ ਯੈਲੋ ਤੇ ਆਰੇਂਜ ਅਲਰਟ ਜਾਰੀ ਕੀਤਾ ਹੈ।


ਉਧਰ ਯੂਪੀ ਦੀ ਗੱਲ ਕਰੀਏ ਤਾਂ ਇੱਥੇ ਫਿਲਹਾਲ ਮੌਸਮ ਸਾਫ ਬਣਿਆ ਹੋਇਆ ਹੈ, ਪਰ ਯਾਸ ਤੂਫਾਨ ਤੋਂ ਇਹ ਸੂਬਾ ਵੀ ਅਣਛੋਹਿਆ ਨਹੀਂ ਰਹੇਗਾ। ਮੌਸਮ ਵਿਭਾਗ ਵੱਲੋਂ ਯੂਪੀ ਦੇ ਵੀ ਕਰੀਬ 27 ਜ਼ਿਲ੍ਹਿਆਂ 'ਚ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ 27 ਜ਼ਿਲ੍ਹਿਆਂ 'ਚ 24 ਮਈ ਤੋਂ 28 ਮਈ ਤਕ ਤੂਫਾਨ ਕਾਰਨ ਬਾਰਸ਼ ਦੀ ਚੇਤਾਵਨੀ ਦਿੱਤੀ ਗਈ ਹੈ।


ਹਿਮਾਚਲ ਪ੍ਰਦੇਸ਼ 'ਚ ਕੁਝ ਦਿਨ ਮੌਸਮ ਸਾਫ ਰਹਿਣ ਮਗਰੋਂ ਫਿਰ ਤੋਂ ਪੱਛਮੀ ਗੜਬੜੀ ਐਕਟਿਵ ਹੋਣ ਦੀ ਸੰਭਾਵਨਾ ਹੈ। ਇੱਥੇ ਕਈ ਦਿਨ ਮੌਸਮ 'ਚ ਗਰਮੀ ਹੋ ਸਕਦੀ ਹੈ। ਮੌਸਮ ਵਿਭਾਗ ਦੇ ਮੁਤਾਬਕ 27 ਮਈ ਤਕ ਮੌਸਮ ਸਾਫ ਰਹੇਗਾ ਤੇ 28 ਮਈ ਤੋਂ ਪੱਛਮੀ ਗੜਬੜੀ ਐਕਟਿਵ ਹੋਵੇਗੀ। ਇਸ ਨਾਲ ਉੱਚੇ ਖੇਤਰਾਂ 'ਚ ਬਰਫਬਾਰੀ ਤੇ ਬਾਰਸ਼ ਤੇ ਕੁਝ ਹੇਠਲੇ ਖੇਤਰਾਂ 'ਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਸੂਬੇ 'ਚ ਦੋ ਜੂਨ ਤਕ ਪੱਛਮੀ ਗੜਬੜੀ ਐਕਟਿਵ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।


ਪੰਜਾਬ ਤੇ ਹਰਿਆਣਾ ਦੇ ਮੌਸਮ ਦੀ ਗੱਲ ਕਰੀਏ ਤਾਂ ਸੂਬੇ 'ਚ ਅੱਜ ਤੇ ਕੱਲ੍ਹ ਗਰਮ ਚਮਕ ਦੇ ਨਾਲ ਹਲਕੀ ਬਾਰਸ਼ ਹੋ ਸਕਦੀ ਹੈ। ਯਾਨੀ ਇਕ ਵਾਰ ਫਿਰ ਤੋਂ ਹਰਿਆਣਾ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤੇ ਇੱਥੇ ਮੌਸਮ ਸੁਹਾਣਾ ਹੋਵੇਗਾ।