ਨਵੀਂ ਦਿੱਲੀ: ਦਿੱਲੀ 'ਚ ਬੁੱਧਵਾਰ ਯਮੁਨਾ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਕਰੀਬ ਰਿਹਾ। ਓਧਰ ਸ ਦੌਰਾਨ ਹਰਿਆਣਾ ਦੇ ਹਥਨੀਕੁੰਢ ਬੈਰਾਜ ਤੋਂ ਹੋਰ ਜ਼ਿਆਦਾ ਪਾਣੀ ਛੱਡੇ ਜਾਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਨੇ ਅਗਲੇ ਤਿੰਨ-ਚਾਰ ਦਿਨਾਂ 'ਚ ਪੱਛਮ-ਉੱਤਰ ਭਾਰਤ 'ਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦਾ ਅੰਦਾਜ਼ਾ ਲਾਇਆ ਹੈ।
ਯਮੁਨਾ 'ਚ ਪਾਣੀ ਦਾ ਪੱਧਰ ਸ਼ਾਮ ਛੇ ਵਜੇ ਓਲਡ ਰੇਲਵੇ ਬ੍ਰਿਜ 'ਤੇ 203.68 ਮੀਟਰ ਦਰਜ ਕੀਤਾ ਗਿਆ। ਸੋਮਵਾਰ ਪਾਣੀ ਦਾ ਪੱਧਰ 204.38 ਮੀਟਰ ਸੀ ਅਤੇ ਇਹ ਖਤਰੇ ਦੇ ਨਿਸ਼ਾਨ 205.33 ਮੀਟਰ ਤੋਂ ਸਿਰਫ਼ ਇਕ ਮੀਟਰ ਹੇਠਾਂ ਸੀ। ਸਿੰਜਾਈ 'ਤੇ ਹੜ੍ਹ ਕੰਟਰੋਲ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਥਨੀਕੁੰਢ ਬੈਰਾਜ ਤੋਂ ਸ਼ਾਮ ਛੇ ਵਜੇ 25,000 ਕਿਊਸਿਕ ਦੀ ਦਰ ਨਾਲ ਪਾਣੀ ਛੱਡਿਆ ਜਾ ਰਿਹਾ ਹੈ।
ਇਕ ਕਿਊਸਿਕ ਪਾਣੀ ਪ੍ਰਤੀ ਸਕਿੰਟ 28.32 ਲੀਟਰ ਪਾਣੀ ਦੇ ਪ੍ਰਵਾਹ ਦੇ ਬਰਾਬਰ ਹੈ। ਉਨ੍ਹਾਂ ਕਿਹਾ ਹੋਰ ਪਾਣੀ ਛੱਡੇ ਜਾਣ ਦੀ ਉਮੀਦ ਹੈ। ਇਸ ਲਈ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ। ਹਥਨੀਕੁੰਢ ਬੈਰਾਜ ਤੋਂ ਆਇਆ ਪਾਣੀ ਦਿੱਲੀ 'ਚ ਪੀਣ ਲਈ ਵਰਤਿਆ ਜਾਂਦਾ ਹੈ।
ਇਸਦੇ ਨਾਲ ਹੀ ਬੈਰਾਜ ਤੋਂ ਛੱਡਿਆ ਗਿਆ ਪਾਣੀ ਆਮ ਤੌਰ 'ਤੇ 72 ਘੰਟਿਆਂ 'ਚ ਦਿੱਲੀ ਪਹੁੰਚਦਾ ਹੈ। ਉੱਥੇ ਹੀ ਹਥਨੀਕੁੰਢ ਬੈਰਾਜ ਵਿਚ ਵਹਾਅ ਦਰ 352 ਕਿਊਸਿਕ ਦੇਖਿਆ ਗਿਆ ਹੈ, ਪਰ ਭਾਰੀ ਬਾਰਸ਼ ਤੋਂ ਬਾਅਦ ਪਾਣੀ ਵਧਣ ਕਾਰਨ ਪਾਣੀ ਛੱਡਣ ਦੀ ਮਾਤਰਾ ਵਧਾ ਦਿੱਤੀ ਜਾਂਦੀ ਹੈ।
ਬੀਤੇ ਸਾਲ ਅਗਸਤ 'ਚ ਪਾਣੀ ਦੀ ਵਹਾਅ ਦਰ 8.28 ਲੱਖ ਕਿਊਸਿਕ ਤਕ ਪਹੁੰਚ ਗਈ ਸੀ। ਜਿਸ ਕਾਰਨ ਯਮੁਨਾ ਨਦੀ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਇਕ ਮੀਟਰ ਉੱਪਰ 206.60 ਮੀਟਰ 'ਤੇ ਪਹੁੰਚ ਗਿਆ ਸੀ। ਦਿੱਲੀ ਦੇ ਜਲ ਮੰਤਰੀ ਸਤੇਂਦਰ ਜੈਨ ਦਾ ਕਹਿਣਾ ਹੈ ਕਿ ਸਰਕਾਰ ਹੜ੍ਹ ਜਿਹੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ