ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਅਧੀਨ ਆਉਣ ਵਾਲੇ ਨਾਮੀ ਕਾਲਜ ਸ਼੍ਰੀਰਾਮ ਕਾਲਜ ਆਫ਼ ਕਾਮਰਸ ਦੇ ਕੁੜੀਆਂ ਦੇ ਹੋਸਟਲ ਤੋਂ ਵਾਰ-ਵਾਰ ਕੀਮਤੀ ਚੀਜ਼ਾਂ, ਨਕਦੀ, ਕ੍ਰੈਡਿਟ-ਕਾਰਡ ਤੇ ਡੈਬਿਟ ਕਾਰਡ ਦੇ ਗਾਇਬ ਹੋਣ ਬਾਰੇ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ।


ਦਰਅਸਲ, ਜਾਂਚ ਤੋਂ ਬਾਅਦ ਦਿੱਲੀ ਪੁਲਿਸ ਨੂੰ ਪਤਾ ਲੱਗਾ ਕਿ ਮਹਿਲਾ ਦੇ ਭੇਸ ਵਿੱਚ ਇੱਕ ਆਦਮੀ ਲੁੱਟ ਦੀਆਂ ਵਾਰਦਾਤਾਂ ਕਰ ਰਿਹਾ ਸੀ। ਪੁਲਿਸ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਦੀ ਪੜਤਾਲ ਤੋਂ ਬਾਅਦ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ। ਸੀਸੀਟੀਵੀ ਫੁਟੇਜ਼ ਵਿੱਚ ਇੱਕ ਨੌਜਵਾਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਦੇਖਿਆ ਗਿਆ, ਜਿਸ ਨੇ ਮਹਿਲਾ ਦੇ ਕੱਪੜੇ ਪਾਏ ਹੋਏ ਸੀ।


ਇਹ ਵੀ ਖ਼ੁਲਾਸਾ ਹੋਇਆ ਹੈ ਕਿ ਚੋਰੀ ਕੀਤੇ ਡੈਬਿਟ ਕਾਰਡ ਤੋਂ ਉਸ ਨੇ 70 ਹਜ਼ਾਰ ਰੁਪਏ ਦੀ ਸ਼ਾਪਿੰਗ ਵੀ ਕਰ ਲਈ ਹੈ। ਹੋਸਟਲ ਰਹਿਣ ਵਾਲੀਆਂ ਲੜਕੀਆਂ ਨੇ ਦੱਸਿਆ ਕਿ ਮੁਲਜ਼ਮ ਸ਼ਖ਼ਸ ਨੇ ਡੈਬਿਟ ਕਾਰਡ ਤੋਂ 50 ਹਜ਼ਾਰ ਦੇ ਲੈਣ-ਦੇਣ ਕੀਤੇ ਤੇ ਹੋਸਟਲ ਦੇ ਕਮਰਿਆਂ ਵਿੱਚੋਂ 3 ਹਜ਼ਾਰ ਰੁਪਏ ਨਕਦ ਵੀ ਚੋਰੀ ਕੀਤੇ।


ਪਿਛਲੇ ਕਈ ਦਿਨਾਂ ਤੋਂ ਲੜਕੀਆਂ ਦੇ ਹੋਸਟਲ ਵਿੱਚ ਲਗਾਤਾਰ ਨਕਦੀ, ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਚੋਰੀ ਹੋਣ ਕਾਰਨ ਲੜਕੀਆਂ ਵਿੱਚ ਬਹੁਤ ਗੁੱਸਾ ਸੀ। ਸ਼ੁਰੂ ਵਿੱਚ ਵਿਦਿਆਰਥਣਾਂ ਨੇ ਚੋਰੀ ਹੋਈ ਨਕਦੀ ਤੇ ਕ੍ਰੈਡਿਟ ਕਾਰਡ ਗੁੰਮ ਜਾਣ ਬਾਰੇ ਅੰਦਾਜ਼ਾ ਲਗਾਇਆ ਸੀ, ਪਰ ਜਦੋਂ ਬਹੁਤ ਸਾਰੀਆਂ ਕੁੜੀਆਂ ਨਾਲ ਅਜਿਹੀਆਂ ਘਟਨਾਵਾਂ ਹੋਣ ਲੱਗੀਆਂ ਤਾਂ ਉਨ੍ਹਾਂ ਇਸ ਬਾਰੇ ਮੌਰਿਸ ਨਗਰ ਥਾਣੇ ਵਿੱਚ ਕੇਸ ਦਾਇਰ ਕਰਾ ਦਿੱਤਾ, ਜਿਸ ਤੋਂ ਬਾਅਦ ਇਹ ਸਨਸਨੀਖ਼ੇਜ਼ ਖ਼ੁਲਾਸਾ ਹੋਇਆ।