ਨਵੀਂ ਦਿੱਲੀ: ਸਰਹੱਦ 'ਤੇ ਭਾਰਤ ਤੇ ਚੀਨ (Indo-China border) ਦੀਆਂ ਫੌਜਾਂ ਆਹਮੋ-ਸਾਹਮਣੇ ਹੋ ਗਈਆਂ ਹਨ। ਦੋਵਾਂ ਫੌਜਾਂ ਆਪਣੇ ਸਾਜ਼ੋ-ਸਾਮਾਨ ਸਰਹੱਦ ਵੱਲ ਢੋਅ ਰਹੀਆਂ ਹਨ। ਇਸ ਦੇ ਨਾਲ ਹੀ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਵੀ ਮੀਟਿੰਗਾਂ ਵਿੱਚ ਜੁੱਟ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਮੰਗਲਵਾਰ ਨੂੰ ਸੁਰੱਖਿਆ ਸਬੰਧੀ ਅਹਿਮ ਮੀਟਿੰਗ ਕੀਤੀ।

ਅੱਜ ਥਲ ਸੈਨਾ ਮੁਖੀ ਮਨੋਜ ਮੁਕੰਦ ਨਰਵਾਣੇ (Army Chief General Manoj Mukund Naravane) ਟੌਪ ਕਮਾਂਡਰਾਂ ਨਾਲ ਬੈਠਕ ਕਰਨਗੇ। ਨਿਊਜ਼ ਏਜੰਸੀ ਮੁਤਾਬਕ, ਦੋ ਦਿਨਾਂ ਬੈਠਕ ਵਿੱਚ ਇਸ ਮੁੱਦੇ ਦੇ ਨਾਲ ਹੋਰ ਮੁੱਦਿਆਂ ‘ਤੇ ਵੀ ਵਿਚਾਰ ਵਟਾਂਦਰੇ ਕੀਤੇ ਜਾ ਸਕਦੇ ਹਨ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਲੱਦਾਖ ਸੈਕਟਰ ਵਿੱਚ ਚੀਨ ਤੇ ਭਾਰਤ ਦੀਆਂ ਫੌਜਾਂ ਆਹਮੋ-ਸਾਹਮਣੇ ਹਨ।

ਭਾਰਤ ਤੇ ਚੀਨ ਦੀ ਸਰਹੱਦ ‘ਤੇ ਤਣਾਅ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੱਚ ਪੱਧਰੀ ਬੈਠਕ ਕੀਤੀ ਸੀ। ਇਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਐਨਐਸਏ ਅਜੀਤ ਡੋਵਾਲ, ਸੀਡੀਐਸ ਬਿਪਿਨ ਰਾਵਤ ਤੇ ਤਿੰਨੇ ਸੈਨਾ ਮੁਖੀ ਸ਼ਾਮਲ ਹੋਏ ਸੀ। ਇਸ ਤੋਂ ਬਾਅਦ ਮੋਦੀ ਨੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰੰਗਲਾ ਨਾਲ ਵੀ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਨੇ ਲੱਦਾਖ ਵਿੱਚ ਤਣਾਅ ਨੂੰ ਲੈ ਕੇ ਸੀਡੀਐਸ ਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਤਕਰੀਬਨ ਇੱਕ ਘੰਟਾ ਬੈਠਕ ਕੀਤੀ ਸੀ।

ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਬੈਠਕ ‘ਚ ਦੋ ਅਹਿਮ ਫੈਸਲੇ ਲਏ ਗਏ। ਪਹਿਲਾਂ- ਇਸ ਖੇਤਰ ਵਿੱਚ ਸੜਕ ਨਿਰਮਾਣ ਜਾਰੀ ਰਹੇਗਾ। ਦੂਜਾ, ਭਾਰਤੀ ਫੌਜਾਂ ਦੀ ਤਾਇਨਾਤੀ ਚੀਨ ਦੀ ਤਰ੍ਹਾਂ ਹੀ ਰਹੇਗੀ। ਇਸ ਤੋਂ ਸਪਸ਼ਟ ਹੈ ਕਿ ਇਸ ਭਾਰਤ ਵੀ ਪਿੱਛੇ ਹਟਣ ਦੇ ਮੂੜ ਵਿੱਚ ਨਹੀਂ। ਇਸ ਲਈ ਦੋਵਾਂ ਮੁਲਕਾਂ ਵਿਚਾਲੇ ਤਣਾਅ ਵਧ ਸਕਦਾ ਹੈ।

ਡੋਕਲਾਮ ਤੋਂ ਬਾਅਦ ਵੱਡਾ ਟਕਰਾਅ:

ਜੇ ਲੱਦਾਖ ਵਿਚ ਭਾਰਤੀ ਤੇ ਚੀਨੀ ਫੌਜਾਂ ਦਾ ਸਾਹਮਣਾ ਹੋ ਜਾਂਦਾ ਹੈ, ਤਾਂ ਇਹ 2017 ਦੇ ਡੋਕਲਾਮ ਵਿਵਾਦ ਤੋਂ ਬਾਅਦ ਸਭ ਤੋਂ ਵੱਡਾ ਵਿਵਾਦ ਹੋਵੇਗਾ। ਨਿਊਜ਼ ਏਜੰਸੀ ਦੇ ਸੂਤਰਾਂ ਮੁਤਾਬਕ, ਭਾਰਤ ਨੇ ਪੇਂਗੋਂਗ ਤਸੋ ਲੇਕ ਤੇ ਗੈਲਵਨ ਵੈਲੀ ਵਿੱਚ ਫੌਜਾਂ ‘ਚ ਵਾਧਾ ਕੀਤਾ ਹੈ। ਚੀਨ ਨੇ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਦੋ ਹਜ਼ਾਰ ਤੋਂ ਢਾਈ ਹਜ਼ਾਰ ਸੈਨਿਕ ਤਾਇਨਾਤ ਕੀਤੇ ਹਨ ਤੇ ਨਾਲ ਹੀ ਅਸਥਾਈ ਸਹੂਲਤਾਂ ਵਿੱਚ ਵਾਧਾ ਕੀਤਾ ਹੈ।

ਡੋਕਲਾਮ ਟਕਰਾਅ 73 ਦਿਨ ਚਲਿਆ ਸੀ:

ਭਾਰਤ-ਚੀਨ ਸਰਹੱਦ ‘ਤੇ ਡੋਕਲਾਮ ਖੇਤਰ ਵਿਚ ਦੋਵਾਂ ਦੇਸ਼ਾਂ ‘ਚ 16 ਜੂਨ ਤੋਂ 28 ਅਗਸਤ 2017 ਵਿਚਕਾਰ ਟਕਰਾਅ ਹੋਇਆ ਸੀ। ਹਾਲਾਤ ਬਹੁਤ ਤਣਾਅਪੂਰਨ ਹੋ ਗਏ ਸੀ। ਅੰਤ ਵਿੱਚ ਦੋਵਾਂ ਦੇਸ਼ਾਂ ਵਿੱਚ ਫੌਜਾਂ ਵਾਪਸ ਲੈਣ ਲਈ ਸਹਿਮਤ ਹੋਏ ਸੀ।

ਡੋਕਲਾਮ ਵਿਵਾਦ ਕੀ ਸੀ?

ਡੋਕਲਾਮ ਵਿੱਚ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਭਾਰਤੀ ਫੌਜ ਨੇ ਚੀਨੀ ਸੈਨਿਕਾਂ ਨੂੰ ਉੱਥੇ ਸੜਕਾਂ ਬਣਾਉਣ ਤੋਂ ਰੋਕ ਦਿੱਤਾ। ਹਾਲਾਂਕਿ, ਚੀਨ ਨੇ ਦਾਅਵਾ ਕੀਤਾ ਕਿ ਉਹ ਆਪਣੇ ਖੇਤਰ ਵਿੱਚ ਸੜਕ ਬਣਾ ਰਿਹਾ ਹੈ। ਇਸ ਖੇਤਰ ਦਾ ਨਾਂ ਭਾਰਤ ‘ਚ ਡੋਕਾ ਲਾ ਹੈ, ਜਦੋਂਕਿ ਭੂਟਾਨ ‘ਚ ਇਸ ਨੂੰ ਡੋਕਲਾਮ ਕਿਹਾ ਜਾਂਦਾ ਹੈ।

ਚੀਨ ਦਾ ਦਾਅਵਾ ਹੈ ਕਿ ਉਹ ਇਸ ਦੇ ਡੋਂਗਲਾਂਗ ਖੇਤਰ ਦਾ ਹਿੱਸਾ ਹੈ। ਭਾਰਤ-ਚੀਨ ਸਰਹੱਦ ਜੰਮੂ-ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤੱਕ 3,488 ਕਿਲੋਮੀਟਰ ਲੰਬੀ ਹੈ। ਇਸ ਦਾ 220 ਕਿਲੋਮੀਟਰ ਦਾ ਹਿੱਸਾ ਸਿੱਕਮ ਵਿੱਚ ਆਉਂਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904