ਰਾਏਬਰੇਲੀ: ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਸੋਮਨਾਥ ਭਾਰਤੀ 'ਤੇ ਭਾਜਪਾ ਨਾਰਾਜ਼ ਵਰਕਰਾਂ ਨੇ ਸਿਆਹੀ ਸੁੱਟ ਦਿੱਤੀ ਤੇ ਮੁਰਦਾਬਾਦ ਦੇ ਨਾਅਰੇ ਲਗਾਏ। ਭਾਜਪਾ ਵਰਕਰਾਂ ਨੇ ਕਿਹਾ ਕਿ ਸੋਮਨਾਥ ਭਾਰਤੀ ਨੇ ਉੱਤਰ ਪ੍ਰਦੇਸ਼ ਦੀਆਂ ਔਰਤਾਂ ਦਾ ਅਪਮਾਨ ਕੀਤਾ ਹੈ। ਸੋਮਨਾਥ ਭਾਰਤੀ ਇਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ਦੇ ਦੌਰੇ 'ਤੇ ਹਨ। ਪੁਲਿਸ ਨੇ ਸਿਆਹੀ ਸੁੱਟਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸਿੰਜਾਈ ਵਿਭਾਗ ਦੇ ਡਾਕ ਬੰਗਲੇ 'ਚ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ 'ਤੇ ਸਿਆਹੀ ਸੁੱਟੀ ਗਈ, ਜਿਸ ਤੋਂ ਬਾਅਦ ਉਥੇ ਭਾਰੀ ਹੰਗਾਮਾ ਹੋਇਆ।


ਇਸ ਦੌਰਾਨ ਭਾਜਪਾ ਵਰਕਰਾਂ ਨੇ ਭਾਰਤੀ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਇਹ ਇਲਜ਼ਾਮ ਲਾਇਆ ਗਿਆ ਹੈ ਕਿ ਸੋਮਨਾਥ ਭਾਰਤੀ ਨੇ ਉੱਤਰ ਪ੍ਰਦੇਸ਼ ਦੀਆਂ ਔਰਤਾਂ ਦਾ ਅਪਮਾਨ ਕੀਤਾ ਹੈ ਤੇ ਭਾਰਤੀ 'ਤੇ ਆਪਣੀ ਹੀ ਪਤਨੀ ਵੱਲੋਂ ਤਸੀਹੇ ਦੇਣ ਦਾ ਦੋਸ਼ ਹੈ। ਹੰਗਾਮੇ ਦੌਰਾਨ ਪੁਲਿਸ ਨੇ ਦਖਲ ਦਿੱਤਾ। ਸੋਮਨਾਥ ਦੇ ਰਾਏਬਰੇਲੀ 'ਚ ਪਾਰਟੀ ਵਰਕਰਾਂ ਨਾਲ ਮੁਲਾਕਾਤ ਸਮੇਤ ਕਈ ਪ੍ਰੋਗਰਾਮ ਹੋਏ। ਜਦੋਂ ਉਹ ਸੋਮਵਾਰ ਦੀ ਸਵੇਰ ਨੂੰ ਜਾਣ ਲਈ ਤਿਆਰ ਸੀ, ਤਾਂ ਉਨ੍ਹਾਂ ਨੂੰ ਪੁਲਿਸ ਨੇ ਰੋਕ ਲਿਆ।




ਇਸ ਤੋਂ ਬਾਅਦ ਪੁਲਿਸ ਅਤੇ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਸੋਮਨਾਥ ਭਾਰਤੀ 'ਤੇ ਸਿਆਹੀ ਸੁੱਟ ਦਿੱਤੀ ਅਤੇ ਯੋਗੀ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਸੋਮਨਾਥ ਭਾਰਤੀ ਵੀ ਉਸ ਆਦਮੀ ਦੇ ਪਿੱਛੇ ਭੱਦੀ ਸ਼ਬਦਾਵਲੀ ਵਰਤਦੇ ਹੋਏ ਭੱਜੇ। ਪੁਲਿਸ ਨੇ ਸਿਆਹੀ ਸੁੱਟਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਬਾਅਦ ਅਮੇਠੀ ਪੁਲਿਸ ਨੇ ਸੋਮਨਾਥ ਭਾਰਤੀ ਸਣੇ ਆਮ ਆਦਮੀ ਪਾਰਟੀ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ।