ਨਵੀਂ ਦਿੱਲੀ: ਦੇਸ਼ 'ਚ ਇੱਕ ਸਤੰਬਰ ਤੋਂ ਅਨਲੌਕ-4 ਸ਼ੁਰੂ ਹੋ ਰਿਹਾ ਹੈ। ਇੱਕ ਤੋਂ 30 ਸਤੰਬਰ ਤੱਕ ਜਾਰੀ ਕੀਤੇ ਅਨਲੌਕ-4 ਵਿੱਚ ਵੀ ਅੰਤਰਰਾਸ਼ਟਰੀ ਉਡਾਣਾਂ ਦੀ ਆਗਿਆ ਨਹੀਂ ਹੋਵੇਗੀ। ਯਾਤਰੀ ਨਾ ਤਾਂ ਦੇਸ਼ ਤੋਂ ਬਾਹਰ ਯਾਤਰਾ ਕਰ ਸਕਦੇ ਹਨ ਤੇ ਨਾ ਹੀ ਦੂਜੇ ਦੇਸ਼ਾਂ ਤੋਂ ਯਾਤਰੀ ਦੇਸ਼ ਆ ਸਕਦੇ ਹਨ। ਹਾਲਾਂਕਿ, ਸਰਕਾਰ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਜਹਾਜ਼ਾਂ ਦੀ ਸੇਵਾ ਜਾਰੀ ਰਹੇਗੀ।


ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ 30 ਸਤੰਬਰ 2020 ਤੱਕ ਸਕੂਲ ਤੇ ਕਾਲਜ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ, ਕੰਨਟੇਨਮੈਂਟ ਜ਼ੋਨ ਤੋਂ ਬਾਹਰ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਅਧਿਆਪਕਾਂ ਤੋਂ ਗਾਈਡੈਂਸ ਲੈਣ ਲਈ ਸਵੈ-ਇੱਛਾ ਨਾਲ ਸਕੂਲ ਜਾ ਸਕਦੇ ਹਨ।



ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ (ਓਪਨ ਏਅਰ ਥੀਏਟਰ ਨੂੰ ਛੱਡ ਕੇ) ਤੇ ਅਜਿਹੀਆਂ ਥਾਵਾਂ 'ਤੇ ਗਤੀਵਿਧੀਆਂ 'ਤੇ ਪਾਬੰਦੀ ਰਹੇਗੀ। 7 ਸਤੰਬਰ ਤੋਂ ਦੇਸ਼ ਭਰ ਵਿੱਚ ਮੈਟਰੋ ਸੇਵਾ ਨੂੰ ਬਹਾਲ ਕਰਨ ਦੀ ਆਗਿਆ ਦਿੱਤੀ ਗਈ ਹੈ।


ਇਸ ਦੇ ਨਾਲ ਹੀ ਸਮਾਜਿਕ, ਰਾਜਨੀਤਕ ਤੇ ਧਾਰਮਿਕ ਪ੍ਰੋਗਰਾਮਾਂ ਦੀ ਵੱਧ ਤੋਂ ਵੱਧ 100 ਵਿਅਕਤੀਆਂ ਦੀ ਸੀਮਾ ਨਾਲ 21 ਸਤੰਬਰ ਤੋਂ ਆਗਿਆ ਦਿੱਤੀ ਜਾਏਗੀ। ਮਾਰਚ ਤੋਂ ਬੰਦ ਪਏ ਬਾਰ 1 ਸਤੰਬਰ ਤੋਂ ਮੁੜ ਖੋਲ੍ਹੇ ਜਾਣਗੇ।