ਨਵੀਂ ਦਿੱਲੀ: ਭਾਰਤ, ਚੀਨ ਤੇ ਅਮਰੀਕਾ ਜਿਹੇ ਕਈ ਵੱਡੇ ਦੇਸ਼ਾਂ ’ਚ ਕੋਰੋਨਾਵਾਇਰਸ ਦੀ ਮਹਾਮਾਰੀ ਖ਼ਤਮ ਕਰਨ ਲਈ ਵੱਡੇ ਪੱਧਰ ਉੱਤੇ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਭਾਰਤ ’ਚ ਹੁਣ ਤੱਕ ਇੱਕ ਕਰੋੜ 68 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ। ਅਜਿਹੀ ਸਥਿਤੀ ’ਚ ਇੱਕ ਵੱਡਾ ਸੁਆਲ ਇਹੋ ਹੈ ਕਿ ਕੀ ਕੋਰੋਨਾ ਵੈਕਸੀਨ ਲੰਮੇ ਸਮੇਂ ਤੱਕ ਵਾਇਰਸ ਤੋਂ ਸੁਰੱਖਿਅਤ ਰੱਖ ਸਕਦੀ ਹੈ। ਇਸ ਦਾ ਜੁਆਬ ਹੁਣ ‘ਵਿਸ਼ਵ ਸਿਹਤ ਸੰਗਠਨ’ (WHO) ਨੇ ਕੁਝ ਇੰਝ ਦਿੱਤਾ ਹੈ:
WHO ਦਾ ਕਹਿਣਾ ਹੈ ਕਿ ਕੋਰੋਨਾ ਵੈਕਸੀਨ ਪਿਛਲੇ ਕੁਝ ਮਹੀਨਿਆਂ ’ਚ ਹੀ ਵਿਕਸਤ ਕੀਤੀ ਗਈ ਹੈ। ਕੁਝ ਮਹੀਨਿਆਂ ਤੋਂ ਹੀ ਟੀਕਾਕਰਨ ਸ਼ੁਰੂ ਹੋਇਆ ਹੈ। ਇਸ ਲਈ ਇਸ ਦੀ ਸੁਰੱਖਿਆ ਬਾਰੇ ਹਾਲੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। WHO ਨੇ ਕਿਹਾ ਕਿ ਇਸ ਸੁਆਲ ਦਾ ਜਵਾਬ ਲੈਣ ਲਈ ਹਾਲੇ ਰਿਸਰਚ ਚੱਲ ਰਹੀ ਹੈ।
ਉਂਝ ‘ਵਿਸ਼ਵ ਸਿਹਤ ਸੰਗਠਨ’ ਨੇ ਇਹ ਵੀ ਕਿਹਾ ਹੈ ਕਿ ਕੋਰੋਨਾ ਤੋਂ ਠੀਕ ਜ਼ਿਆਦਾਤਰ ਲੋਕਾਂ ਦੀ ਰੋਗ-ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੋਈ ਹੈ। ਇਸ ਤੋਂ ਪਹਿਲਾਂ WHO ਨੇ ਇਹ ਵੀ ਕਿਹਾ ਸੀ ਕਿ ਜੇ ਅਸੀਂ ਹੁਣ ਇਹ ਆਸ ਰੱਖ ਰਹੇ ਹਾਂ ਕਿ ਸਾਲ 2021 ਦੇ ਅਖੀਰ ਤੱਕ ਕੋਰੋਨਾ ਖ਼ਤਮ ਹੋ ਜਾਵੇਗਾ, ਤਾਂ ‘ਅਸਲੀਅਤ’ ਨਹੀਂ।
ਮਾਹਿਰਾਂ ਦਾ ਮੰਨਣਾ ਹੈ ਕਿ ਜੇ ਸਾਰੇ ਲੋਕ ਸੂਝਬੂਝ ਤੋਂ ਕੰਮ ਲੈਣ, ਤਾਂ ਹਸਪਤਾਲਾਂ ’ਚ ਭਰਤੀ ਹੋ ਰਹੇ ਮਰੀਜ਼ਾਂ ਦੀ ਗਿਣਤੀ, ਮਹਾਮਾਰੀ ਨਾਲ ਸਬੰਧਤ ਮੌਤਾਂ ਸਮੇਤ ਹੋਰ ਦੁੱਖੜੇ ਖ਼ਤਮ ਕਰ ਸਕਦੇ ਹਾਂ। ਦੇਸ਼ ਵਿੱਚ ਕੋਵਿਡ ਦੀ ਮਹਾਮਾਰੀ ਨਾਲ ਨਿਪਟਣ ਲਈ ਕੋਰੋਨਾ ਵਾਇਰਸ ਟੀਕਾਕਰਣ ਦੀ ਦੂਜੀ ਖ਼ੁਰਾਕ ਦੇਣ ਦੀ ਮੁਹਿੰਮ 13 ਫ਼ਰਵਰੀ ਨੂੰ ਸ਼ੁਰੂ ਹੋਈ ਸੀ।