ਚੰਡੀਗੜ੍ਹ: ਬਰਗਾੜੀ ਮੋਰਚਾ ਖਤਮ ਕਰਨਾ ਵੱਡੀ ਭੁੱਲ ਸੀ। ਸਰਕਾਰ ਦੇ ਝਾਂਸੇ 'ਚ ਆ ਕੇ ਹੀ ਮੋਰਚਾ ਚੁੱਕਿਆ ਸੀ। ਇਹ ਕਹਿੰਦਿਆਂ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਖਿਮਾ ਯਾਚਨਾ ਲਈ ਅਰਦਾਸ ਕੀਤੀ ਹੈ। ਉਹ ਐਤਵਾਰ ਨੂੰ ਆਪਣੇ ਸਮਰਥਕਾਂ ਸਣੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਪੰਥ ਕੋਲੋਂ ਮੁਆਫੀ ਮੰਗੀ। ਉਨ੍ਹਾਂ ਐਲਾਨ ਕੀਤਾ ਕਿ ਹੁਣ ਸੰਗਤ ਦੇ ਸਹਿਯੋਗ ਨਾਲ ਮੁੜ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।



ਜਥੇਦਾਰ ਮੰਡ ਨੇ ਕਿਹਾ ਕਿ ਸਰਕਾਰ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਇਸੇ ਭਰੋਸੇ ਦੇ ਆਧਾਰ ’ਤੇ ਉਨ੍ਹਾਂ ਸਿੱਖ ਸ਼ਖ਼ਸੀਅਤਾਂ ਤੇ ਸੰਗਤ ਨਾਲ ਗੱਲਬਾਤ ਕਰਕੇ ਮੋਰਚਾ ਖਤਮ ਕਰ ਦਿੱਤਾ ਪਰ ਇਹ ਉਨ੍ਹਾਂ ਦੀ ਭੁੱਲ ਸਾਬਤ ਹੋਈ। ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਸਰਕਾਰ ਮੁਲਜ਼ਮਾਂ ਨੂੰ ਬਚਾਉਣ ਵਾਲਿਆਂ ਨਾਲ ਰਲੀ ਹੋਈ ਸੀ। ਉਨ੍ਹਾਂ ਕਿਹਾ ਕਿ ਨਿਆਂ ਪ੍ਰਾਪਤੀ ਤੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਮੋਰਚਾ ਸ਼ੁਰੂ ਕਰਨ ਦਾ ਫ਼ੈਸਲਾ ਉਨ੍ਹਾਂ ਦਾ ਸੀ, ਇਸ ਕਰਕੇ ਸਾਰੇ ਘਟਨਾਕ੍ਰਮ ਲਈ ਉਹ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹਨ।

ਜਥੇਦਾਰ ਮੰਡ ਨੇ ਆਖਿਆ ਕਿ ਉਹ ਕਿਸੇ ਧੜੇ ਨਾਲ ਨਹੀਂ ਜੁੜੇ ਤੇ ਨਾ ਹੀ ਕਿਸੇ ਨਾਲ ਵਿਤਕਰਾ ਕੀਤਾ ਹੈ। ਸਾਰਾ ਪੰਥ ਹੀ ਉਨ੍ਹਾਂ ਦਾ ਧੜਾ ਹੈ। ਉਹ ਇਸ ਮਾਮਲੇ ਨੂੰ ਮੁੜ ਸੰਗਤ ਦੀ ਕਚਿਹਰੀ ਵਿੱਚ ਲੈ ਕੇ ਜਾਣਗੇ। ਹੋਰਨਾਂ ਮੁਤਵਾਜ਼ੀ ਜਥੇਦਾਰਾਂ ਵੱਲੋਂ ਧਰਨਾ ਚੁੱਕਣ ਦੇ ਫ਼ੈਸਲੇ ਦੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਇੱਕ ਸਿੱਖ ਵਜੋਂ ਗੁਰੂ ਸ਼ਰਨ ਵਿੱਚ ਆਈ ਸਰਕਾਰ ’ਤੇ ਭਰੋਸਾ ਕੀਤਾ ਸੀ। ਇਹ ਫ਼ੈਸਲਾ ਉਸ ਵੇਲੇ ਸਿੱਖ ਸਿਧਾਂਤਾਂ ਦੀ ਰੌਸ਼ਨੀ ਵਿਚ ਕੀਤਾ ਗਿਆ ਸੀ।


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904