Johnny & Jugnu: ਪਾਕਿਸਤਾਨ ਵਿੱਚ ਪਿਛਲੇ ਹਫਤੇ ਇੱਕ ਅਨੌਖਾ ਮਾਮਲਾ ਵੇਖਣ ਨੂੰ ਮਿਲਿਆ। ਦਰਅਸਲ ਪੁਲਿਸ ਅਧਿਕਾਰੀਆਂ ਦੇ ਸਮੂਹ ਨੂੰ ਮੁਫਤ ਬਰਗਰ ਨਾ ਦੇਣ 'ਤੇ ਫਾਸਟ ਫੂਡ ਰੈਸਟੋਰੈਂਟ ਦੇ ਸਾਰੇ 19 ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜੌਨੀ ਤੇ ਜੁਗਨੂ ਦੇ ਸਟਾਫ ਨੂੰ ਸ਼ਨੀਵਾਰ ਰਾਤ ਲਾਹੌਰ ਵਿੱਚ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਸੱਤ ਘੰਟੇ ਲਈ ਕੈਦ ਵਿੱਚ ਰੱਖਿਆ ਗਿਆ।  


ਮੁਫਤ ਬਰਗਰ ਤੋਂ ਇਨਕਾਰ ਕਰਨਾ ਰੈਸਟੋਰੈਂਟ ਨੂੰ ਬਹੁਤ ਮਹਿੰਗਾ ਪਿਆ

ਬਰਗਰ ਚੇਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਡੇ ਰੈਸਟੋਰੈਂਟ ਦੀ ਰਸੋਈ ਵਿੱਚ ਇਹ ਪਹਿਲੀ ਵਾਰ ਨਹੀਂ ਜਦੋਂ ਅਜਿਹਾ ਕੁਝ ਹੋਇਆ ਹੋਵੇ, ਪਰ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਇਹ ਆਖਰੀ ਹੈ। ਬਰਗਰ ਚੇਨ ਨੇ ਫੇਸਬੁੱਕ ਉੱਤੇ ਦਿੱਤੇ ਬਿਆਨ ਵਿੱਚ ਕਿਹਾ ਕਿ ਪੁਲਿਸ ਅਧਿਕਾਰੀਆਂ ਦਾ ਸਮੂਹ ਘਟਨਾ ਤੋਂ ਦੋ ਦਿਨ ਪਹਿਲਾਂ ਰੈਸਟੋਰੈਂਟ ਵਿੱਚ ਗਿਆ ਸੀ ਤੇ ਮੁਫਤ ਬਰਗਰ ਦੀ ਮੰਗ ਕੀਤੀ ਸੀ।

ਮੁੱਦਾ ਉਦੋਂ ਸ਼ੁਰੂ ਹੋਇਆ ਜਦੋਂ ਰੈਸਟੋਰੈਂਟ ਨੇ ਨਿੱਜੀ ਤੌਰ 'ਤੇ ਅਪੀਲ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਮੁਫਤ ਬਰਗਰ ਦੀ ਮੰਗ ਅਸਵੀਕਾਰ ਕਰਨ ਤੋਂ ਬਾਅਦ ਪੁਲਿਸ ਅਧਿਕਾਰੀ ਸਾਡੇ ਪ੍ਰਬੰਧਕਾਂ ਨੂੰ ਧਮਕਾਇਆ ਤੇ ਚਲੇ ਗਏ।  

ਸਾਰੇ 19 ਕਰਮਚਾਰੀਆਂ ਨੂੰ ਸੱਤ ਘੰਟਿਆਂ ਲਈ ਨਜ਼ਰਬੰਦ ਕੀਤਾ ਗਿਆ
ਰੈਸਟੋਰੈਂਟ ਨੇ ਇਹ ਵੀ ਕਿਹਾ ਕਿ ਕਰਮਚਾਰੀਆਂ ਨੂੰ ਕਿਚਨ ਬੰਦ ਕਰਨ ਦੀ ਆਗਿਆ ਨਹੀਂ ਸੀ, ਜਿਸ ਨਾਲ ਗਾਹਕਾਂ ਨੂੰ ਆਪਣੇ ਆਰਡਰ ਲਈ ਇੰਤਜ਼ਾਰ ਕਰਨਾ ਪਿਆ। ਸੋਸ਼ਲ ਮੀਡੀਆ 'ਤੇ ਕਾਫ਼ੀ ਆਲੋਚਨਾ ਤੋਂ ਬਾਅਦ, ਇਸ ਘਟਨਾ 'ਚ ਸ਼ਾਮਲ 9 ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ।

ਸੀਨੀਅਰ ਪੁਲਿਸ ਅਧਿਕਾਰੀ ਇਨਾਮ ਗਨੀ ਨੇ ਟਵਿੱਟਰ 'ਤੇ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਬੇਇਨਸਾਫੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਸਾਰੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।



ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਿਛਲੇ ਦਿਨੀਂ ਪੰਜਾਬ ਖਿੱਤੇ ਦੀ ਪੁਲਿਸ ਫੋਰਸ ਵਿੱਚ ਸੁਧਾਰਾਂ ਦੀ ਮੰਗ ਕਰ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਸਥਾਨਕ ਨੇਤਾਵਾਂ ਨੇ ‘ਸਾਥੀਆਂ’ ਨੂੰ ਪੁਲਿਸ ਸਟੇਸ਼ਨ ਚਲਾਉਣ ਲਈ ਨਿਯੁਕਤ ਕੀਤਾ ਹੈ।