ਗੁਰਦਾਸਪੁਰ: ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਸਾਨਾਂ ਵਲੋਂ ਵਿਰੋਧ 'ਤੇ ਕਿਹਾ ਕਿ ਕੱਲ੍ਹ ਜਦ ਕਾਂਗਰਸ ਦੇ ਪ੍ਰਤਾਪ ਬਾਜਵਾ ਨੇ ਪ੍ਰੋਗਰਾਮ ਕੀਤਾ, ਫਿਰ ਕੋਈ ਵਿਰੋਧ ਕਿਉਂ ਨਹੀਂ ਹੋਇਆ। ਉਨ੍ਹਾਂ ਕਿਹਾ ਕਾਂਗਰਸ ਨੂੰ ਬੁਖਾਰ ਹੋ ਜਾਂਦਾ ਹੈ ਜਦੋਂ ਪਤਾ ਲਗਦਾ ਹੈ ਕਿ ਅਕਾਲੀ ਦਲ ਦੀ ਸਰਕਾਰ ਬਣਨੀ ਹੈ। ਸਾਡਾ ਕਿਸਾਨਾਂ ਨਾਲ ਕੋਈ ਝਗੜਾ ਨਹੀਂ ਹੈ। ਕਿਸਾਨਾਂ ਨੇ ਕਿਹਾ ਹੈ ਕਿ ਸਾਡੀ ਲੜਾਈ ਦਿੱਲੀ ਨਾਲ ਹੈ, ਫਿਰ ਅਜਿਹਾ ਕਿਉਂ ਹੋ ਰਿਹਾ ਹੈ। ਇਹ ਸਪੱਸ਼ਟ ਹੈ ਕਿ ਸਭ ਕੁਝ ਕਾਂਗਰਸ ਦੀ ਸ਼ਹਿ 'ਤੇ ਹੋ ਰਿਹਾ ਹੈ। 


 


ਮਜੀਠੀਆ ਨੇ ਕਿਹਾ ਕਿ ਅੱਜ ਮੇਰੇ ਵਾਹਨਾਂ 'ਤੇ ਹਮਲਾ ਕੀਤਾ ਗਿਆ। ਪਰ ਮੈਂ ਰੁਕਣ ਵਾਲਾ ਨਹੀਂ ਹਾਂ। ਮੈਂ ਡਰਨ ਵਾਲਾ ਨਹੀਂ ਹਾਂ। ਭਾਵੇਂ ਤੁਸੀਂ ਮੈਨੂੰ ਗੋਲੀ ਮਾਰ ਦਿਓ। ਪਰ ਸੱਚ ਦੀ ਲੜਾਈ ਵਿੱਚ ਮਜੀਠੀਆ ਅਤੇ ਮਜੀਠੀਆ ਦੇ ਸਾਥੀ ਦਿਨ-ਰਾਤ ਇੱਕ ਹੋ ਜਾਣਗੇ ਅਤੇ ਕਾਂਗਰਸ ਦਾ ਪਰਦਾਫਾਸ਼ ਕਰਦੇ ਰਹਿਣਗੇ।


 


ਮਜੀਠੀਆ ਨੇ ਹਰੀਸ਼ ਰਾਵਤ 'ਤੇ ਬੋਲਦਿਆਂ ਕਿਹਾ, ਹਰੀਸ਼ ਰਾਵਤ 'ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਹਰੀਸ਼ ਰਾਵਤ ਨੇ ਜੋ ਕਿਹਾ ਉਸ ਤੋਂ ਬਾਅਦ, ਸੋਧਾ ਸਾਧ ਅਤੇ ਇਸ ਵਿੱਚ ਕੀ ਅੰਤਰ ਰਿਹਾ ਗਿਆ। ਪੰਜ ਪਿਆਰੇ ਕਹਿ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ? ਇਨ੍ਹਾਂ ਸਾਰਿਆਂ 'ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਗੁਰ ਸਿੱਖ ਭਾਵਨਾਵਾਂ ਨਾਲ ਖੇਡਣ ਦੀ ਆਗਿਆ ਨਹੀਂ ਦੇਣਗੇ। 


 


ਉਥੇ ਹੀ ਕਿਸਾਨਾਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਡਟ ਕੇ ਵਿਰੋਧ ਕੀਤਾ ਗਿਆ। ਇਸ ਦੌਰਾਨ ਅਕਾਲੀ ਵਰਕਰ ਅਤੇ ਕਿਸਾਨ ਆਹਮੋ ਸਾਹਮਣੇ ਹੁੰਦੇ ਵੀ ਵਿਖਾਈ ਦਿੱਤੇ। ਸੁਖਬੀਰ ਬਾਦਲ ਨੇ ਸਟੇਜ ਤੋਂ ਕਿਹਾ ਕਿ ਇਹ ਜੋ ਕੁਝ ਕੁ ਲੋਕ ਇਕੱਠੇ ਹੋ ਰਹੇ ਹਨ ਇਹ ਕਿਸਾਨ ਨਹੀਂ ਸਗੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਹਨ।


 


ਉਨ੍ਹਾਂ ਇਹ ਵੀ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦਾ ਉਹ ਧੰਨਵਾਦ ਕਰਦੇ ਹਨ। ਉਨ੍ਹਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਸਿਰਫ ਭਾਜਪਾ ਦਾ ਵਿਰੋਧ ਕਰਨਾ ਹੈ ਅਤੇ ਕਿਸਾਨੀ ਦੀ ਆੜ ਵਿੱਚ ਭਾਜਪਾ ਦੇ ਕੁਝ ਆਗੂ ਅਤੇ ਕੁਝ ਵਿਰੋਧੀ ਪਾਰਟੀਆਂ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਇਹ ਕਿਸਾਨੀ ਦੇ ਨਾਂ 'ਤੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਰੈਲੀਆਂ ਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਉਹ ਅਕਾਲੀ ਦਲ ਨੂੰ ਰੋਕ ਨਹੀਂ ਸਕਣਗੇ।