ਯਾਦਵਿੰਦਰ ਸਿੰਘ
ਚੰਡੀਗੜ੍ਹ: ਸੁਰੇਸ਼ ਕੁਮਾਰ ਦੇ ਕੇਸ ਨੇ ਕੈਪਟਨ ਸਰਕਾਰ 'ਚ ਬਣੇ ਵੱਖ-ਵੱਖ ਪਾਵਰ ਸੈਂਟਰਾਂ ਨੂੰ ਉਜਾਗਰ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਸਰਕਾਰ ਬਣਨ ਸਾਰ ਹੀ ਪਾਵਰ ਸੈਂਟਰਾਂ ਦੀ ਲੜਾਈ ਸ਼ੁਰੂ ਹੋ ਗਈ ਸੀ। ਮੁੱਖ ਮੰਤਰੀ ਦਫ਼ਤਰ ਦੇ ਭਰੋਸੇਯੋਗ ਸੂਤਰਾਂ ਦੱਸਦੇ ਹਨ ਕਿ ਇਨ੍ਹਾਂ ਪਾਵਰਾਂ ਸੈਂਟਰਾਂ 'ਚ ਇੱਕ ਪਾਸੇ ਸੁਰੇਸ਼ ਕੁਮਾਰ ਤੇ ਦੂਜੇ ਸਰਕਾਰ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਸੀ। ਇਸ ਤੋਂ ਇਲਾਵਾ ਵੀ ਸਰਕਾਰ ਵਿੱਚ ਛੋਟੇ-ਛੋਟੇ ਹੋਰ ਪਾਵਰ ਸੈਂਟਰ (ਆਈਏਐਸ ਅਫ਼ਸਰ ਤੇ ਸਲਾਹਕਾਰ) ਹਨ ਜਿਹੜੇ ਇਨ੍ਹਾਂ ਵੱਡੇ ਪਾਵਰ ਸੈਂਟਰਾਂ ਦੇ ਸਹਾਰੇ ਅੱਗੇ ਵਧਦੇ ਸਨ।
ਸੁਰੇਸ਼ ਕੁਮਾਰ ਤੇ ਅਤੁਲ ਨੰਦਾ ਦੋਵੇਂ ਹੀ ਮੁੱਖ ਮੰਤਰੀ ਦੇ ਬੇਹੱਦ ਕਰੀਬ ਰਹੇ ਹਨ। ਇਸੇ ਲਈ ਦੋਵੇਂ ਵੱਡੇ ਫੈਸਲੇ ਕਰਨ-ਕਰਵਾਉਣ 'ਤੇ ਆਪਣੀ ਦਾਅਵੇਦਾਰੀ ਠੋਕਦੇ ਹਨ। ਇੱਥੋਂ ਹੀ ਦੋਵਾਂ 'ਚ ਖੜਕਣੀ ਸ਼ੁਰੂ ਹੋਈ। ਸੂਤਰਾਂ ਮੁਤਾਬਕ ਨੰਦਾ ਮੁੱਖ ਮੰਤਰੀ ਤੋਂ ਕੁਝ ਫੈਸਲੇ ਸਿੱਧੇ ਕਰਵਾਉਂਦੇ ਸਨ ਤੇ ਸੁਰੇਸ਼ ਕੁਮਾਰ ਨੂੰ ਇਨ੍ਹਾਂ 'ਤੇ ਹਮੇਸ਼ਾਂ ਇਤਰਾਜ਼ ਰਿਹਾ। ਉਹ ਸਰਕਾਰ 'ਚ ਨੰਦਾ ਦਾ ਦਖ਼ਲ ਨਹੀਂ ਚਾਹੁੰਦੇ ਸੀ।
ਸਭ ਤੋਂ ਪਹਿਲਾਂ ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਕਰਵਾਉਣ ਵਾਲਾ ਕੇਸ ਹਾਈਕੋਰਟ ਪੁੱਜਾ। ਸੂਤਰਾਂ ਮੁਤਾਬਕ ਉਸ ਮੌਕੇ ਸੁਰੇਸ਼ ਕੁਮਾਰ ਨੇ ਕੈਪਟਨ ਅਮਰਿੰਦਰ ਕੋਲ ਉਨ੍ਹਾਂ ਵਿਰੁੱਧ ਕੰਮ ਕਰ ਰਹੀ ਲੌਬੀ ਦੀ ਸ਼ਿਕਾਇਤ ਕੀਤੀ। ਇਸ ਲੌਬੀ ਦਾ ਲੀਡਰ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਮੰਨਿਆ ਜਾਂਦਾ ਹੈ।
ਇਹ ਗੱਲ ਉਦੋਂ ਪੁਖ਼ਤਾ ਹੋਈ ਜਦੋਂ ਸਰਕਾਰ ਦੇ ਵੱਡੇ ਕਾਨੂੰਨਸਾਜ਼ਾਂ ਦੀ ਟੀਮ ਹੋਣ ਦੇ ਬਾਵਜੂਦ ਸੁਰੇਸ਼ ਕੁਮਾਰ ਦਾ ਕੇਸ ਮੋਦੀ ਸਰਕਾਰ ਦੇ ਸਾਬਕਾ ਸੌਲਿਸਟਰ ਜਨਰਲ ਰਣਜੀਤ ਕੁਮਾਰ ਨੇ ਲੜਿਆ। ਰਣਜੀਤ ਕੁਮਾਰ ਨੂੰ ਬੀਜੇਪੀ ਪੱਖੀ ਮੰਨਿਆ ਜਾਂਦਾ ਰਿਹਾ ਹੈ। ਕਿਹਾ ਜਾਂਦੈ ਕਿ ਸੁਰੇਸ਼ ਕੁਮਾਰ ਨੇ ਬੇਨਤੀ ਕਰਕੇ ਦਿੱਲੀ ਤੋਂ ਕਿਸੇ ਵੱਡੇ ਵਕੀਲ ਦੀ ਮੰਗ ਕੀਤੀ ਸੀ। ਕੈਪਟਨ ਨੇ ਦੋਹਾਂ 'ਚ ਤਲਖ਼ਬਾਜ਼ੀ ਹੋਣ ਕਾਰਨ ਹੀ ਇਸ ਕੇਸ ਨੂੰ ਰਣਜੀਤ ਕੁਮਾਰ ਨੂੰ ਸੌਂਪਿਆ ਸੀ।
ਸੂਤਰਾਂ ਮੁਤਾਬਕ ਤੀਜੀ ਵਾਰ ਇਸ ਲੜਾਈ ਦਾ ਉਦੋਂ ਪਤਾ ਲੱਗਾ ਜਦੋਂ ਸੁਰੇਸ਼ ਕੁਮਾਰ ਨੇ ਅਤੁਲ ਨੰਦਾ ਨੂੰ ਆਪਣੇ ਮੁੰਡੇ ਦੇ ਵਿਆਹ 'ਤੇ ਨਹੀਂ ਬੁਲਾਇਆ। ਦਸੰਬਰ ਵਿੱਚ ਸੁਰੇਸ਼ ਕੁਮਾਰ ਦੇ ਬੇਟੇ ਦਾ ਵਿਆਹ ਸੀ ਪਰ ਉਨ੍ਹਾਂ ਵੱਲੋਂ ਅਤੁਲ ਨੰਦਾ ਨੂੰ ਸੱਦਾ ਨਹੀਂ ਭੇਜਿਆ ਗਿਆ। ਇਸ ਦੇ ਨਾਲ ਹੀ ਨੰਦਾ ਦੀ ਲੌਬੀ ਦੇ ਆਈਏਐਸ ਅਫਸਰਾਂ ਤੇ ਹੋਰ ਨਿੱਕੇ-ਨਿੱਕੇ ਪਾਵਰ ਸੈਂਟਰਾਂ ਨੂੰ ਵੀ ਸੱਦੇ ਨਹੀਂ ਭੇਜੇ ਗਏ ਸੀ। ਜਦੋਂਕਿ ਸੁਰੇਸ਼ ਕੁਮਾਰ ਨੇ ਬੇਟੇ ਦੇ ਵਿਆਹ ਮੌਕੇ ਸਾਰੀ ਸਰਕਾਰ ਵਿੱਚ ਮੁੱਖ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਸੱਦਾ ਭੇਜਿਆ ਗਿਆ ਸੀ। ਇਸ ਤਰ੍ਹਾਂ ਇਹ ਤੇ ਹੋਰ ਕਈ ਦਿਖ-ਅਦਿੱਖ ਮਸਲਿਆਂ ਨੇ ਸੁਰੇਸ਼ ਕੁਮਾਰ ਦੇ ਕੇਸ ਨੇ ਕੈਪਟਨ ਸਰਕਾਰ ਦੀ ਧੜੇਬੰਦੀ ਨੂੰ ਪ੍ਰਗਟ ਕਰ ਦਿੱਤਾ ਹੈ।