ਨਵੀਂ ਦਿੱਲੀ: ਰਾਸ਼ਟਰੀ ਅੰਕੜਾ ਦਿਵਸ 29 ਜੂਨ ਨੂੰ ਮਰਹੂਮ ਪ੍ਰੋਫ਼ੈਸਰ ਪ੍ਰਸਾਂਤ ਚੰਦਰ ਮਹਾਂਲੋਬਿਸ ਦੀ ਜਯੰਤੀ 'ਤੇ ਮਨਾਇਆ ਜਾਂਦਾ ਹੈ। 'ਭਾਰਤੀ ਅੰਕੜਿਆਂ ਦੇ ਪਿਤਾ' ਵਜੋਂ ਜਾਣੇ ਜਾਂਦੇ ਮਹਾਂਲੋਬਿਸ ਦਾ ਜਨਮ 29 ਜੂਨ 1893 ਨੂੰ ਕੋਲਕਾਤਾ (ਪੱਛਮੀ ਬੰਗਾਲ) 'ਚ ਹੋਇਆ ਸੀ। ਅੰਕੜਿਆਂ ਤੋਂ ਬਿਨਾਂ ਕੋਈ ਵੀ ਵੱਡਾ ਸਰਵੇਖਣ, ਖੋਜ ਤੇ ਮੁਲਾਂਕਣ ਪੂਰਾ ਕਰਨਾ ਬਹੁਤ ਮੁਸ਼ਕਲ ਹੈ।


ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ 'ਚ ਤੇ ਯੋਜਨਾਬੰਦੀ ਤੇ ਵਿਕਾਸ ਦੀ ਪ੍ਰਕਿਰਿਆ 'ਚ ਅੰਕੜਿਆਂ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਹੈ। ਮਹਾਂਲੋਬਿਸ ਨੇ ਕੋਲਕਾਤਾ ਦੇ ਪ੍ਰੈਜੀਡੈਂਸੀ ਕਾਲਜ ਤੋਂ ਭੌਤਿਕ ਵਿਗਿਆਨ 'ਚ ਆਨਰਜ਼ ਕੀਤੀ ਤੇ ਉੱਚ ਸਿੱਖਿਆ ਲਈ ਲੰਡਨ ਚਲੇ ਗਏ ਸਨ। ਮਹਾਂਲੋਬਿਸ ਨੂੰ ਮੁੱਖ ਤੌਰ 'ਤੇ ਉਨ੍ਹਾਂ ਵੱਲੋਂ ਵਿਕਸਿਤ ਕੀਤੇ ਗਏ ਸੈਂਪਲ ਸਰਵੇਖਣ ਲਈ ਯਾਦ ਕੀਤਾ ਜਾਂਦਾ ਹੈ।

ਇਸ ਵਿਧੀ ਤਹਿਤ ਵੱਡੀ ਆਬਾਦੀ ਤੋਂ ਲਏ ਗਏ ਸੈਂਪਲਾਂ ਨੂੰ ਸਰਵੇਖਣ 'ਚ ਸ਼ਾਮਲ ਕੀਤਾ ਜਾਂਦਾ ਹੈ ਤੇ ਫਿਰ ਖੋਜਾਂ ਦੇ ਅਧਾਰ 'ਤੇ ਵਿਸਥਾਰ ਯੋਜਨਾਵਾਂ ਦਾ ਰੂਪ ਦਿੱਤਾ ਜਾਂਦਾ ਹੈ। ਮਹਾਂਲੋਬਿਸ ਨੇ ਇਕ ਵਿਧੀ ਦਾ ਵਿਕਾਸ ਇਕ ਨਿਸ਼ਚਿਤ ਭੂ-ਭਾਗ 'ਚ ਹੋਣ ਵਾਲੀ ਨਰਮੇ ਦੀ ਫ਼ਸਲ ਦੇ ਅੰਕੜਿਆਂ ਨੂੰ ਕਰਦੇ ਹੋਏ ਦੱਸਿਆ ਸੀ ਕਿ ਕਿਸ ਤਰ੍ਹਾਂ ਉਤਪਾਦਨ ਨੂੰ ਵਧਾਇਆ ਜਾ ਸਕਦਾ ਹੈ।

ਮਹਾਂਲੋਬਿਸ ਨੇ ਇੰਡੀਅਨ ਸਟੈਟਿਸਟਿਕਲ ਇੰਸਟੀਚਿਊਟ (ਆਈਐਸਆਈ) ਦੀ ਸਥਾਪਨਾ ਕੀਤੀ ਅਤੇ ਵੱਡੇ ਪੱਧਰ ਦੇ ਸੈਂਪਲਾਂ ਦੇ ਸਰਵੇਖਣਾਂ ਦੇ ਡਿਜ਼ਾਈਨ 'ਚ ਯੋਗਦਾਨ ਪਾਇਆ। ਇਸ ਯੋਗਦਾਨ ਲਈ ਮਹਾਂਲੋਬਿਸ ਨੂੰ ਭਾਰਤ 'ਚ ਆਧੁਨਿਕ ਅੰਕੜਿਆਂ ਦਾ ਪਿਤਾ ਕਿਹਾ ਜਾਂਦਾ ਹੈ।

ਸਰਕਾਰ ਨੇ ਰਾਸ਼ਟਰੀ ਅੰਕੜਾ ਦਿਵਸ ਮੌਕੇ ਇਕ ਬਿਆਨ 'ਚ ਕਿਹਾ, "ਇਸ ਸਾਲ ਕੋਵਿਡ-19 ਮਹਾਂਮਾਰੀ ਕਾਰਨ ਅੰਕੜਾ ਦਿਵਸ-2021 ਦਾ ਮੁੱਖ ਸਮਾਗਮ ਵੀਡੀਓ ਕਾਨਫਰੰਸਿੰਗ/ਵੈੱਬਕਾਸਟਿੰਗ ਦੁਆਰਾ ਨੀਤੀ ਆਯੋਗ ਨਵੀਂ ਦਿੱਲੀ 'ਚ ਆਯੋਜਿਤ ਕੀਤਾ ਜਾਵੇਗਾ।"

2021 ਰਾਸ਼ਟਰੀ ਅੰਕੜਾ ਦਿਵਸ ਦੀ ਥੀਮ 'ਭੁੱਖਮਰੀ ਖਤਮ ਕਰੋ, ਖੁਰਾਕ ਸੁਰੱਖਿਆ ਪ੍ਰਦਾਨ ਕਰੋ ਤੇ ਵਧੀਆ ਪੌਸ਼ਟਿਕਤਾ ਪ੍ਰਾਪਤ ਕਰੋ' ਹੈ। ਇਸ ਦਾ ਟੀਚਾ 2030 ਤਕ ਪੂਰੇ ਦੇਸ਼ 'ਚ ਭੁੱਖਮਰੀ ਮਿਟਾਉਣਾ ਤੇ ਸਾਰਿਆਂ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।