ਚੰਡੀਗੜ੍ਹ: ਕਿਸਾਨ ਅੰਦੋਲਨ 'ਚ ਵਿਰੋਧੀ ਧਿਰਾਂ ਵੀ ਕੇਂਦਰ ਦੇ ਖ਼ਿਲਾਫ਼ ਖੜ੍ਹੀਆਂ ਹਨ। ਬੇਸ਼ਕ ਉਨ੍ਹਾਂ 'ਤੇ ਸਿਆਸੀ ਹਿੱਤਾਂ ਲਈ ਅਜਿਹਾ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਭਾਵੇਂ 'ਆਪ' ਵੱਲੋਂ ਕਾਂਗਰਸ ਉੱਪਰ ਬੀਜੇਪੀ ਨਾਲ ਰਲੇ ਹੋਣ ਦੇ ਦੋਸ਼ ਲਾਏ ਜਾ ਰਹੇ ਹਨ, ਪਰ ਕਾਂਗਰਸ ਲਗਾਤਾਰ ਮੋਦੀ ਸਰਕਾਰ ਨੂੰ ਘੇਰ ਰਹੀ ਹੈ।
ਅਹਿਮ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਦਿੱਲੀ ਵਿੱਚ ਧਰਨੇ ਉੱਪਰ ਬੈਠੇ ਹੋਏ ਹਨ ਪਰ ਹੋਰ ਸੂਬਿਆਂ ਦੇ ਕਾਂਗਰਸੀ ਲੀਡਰਾਂ ਦਾ ਕੋਈ ਸਾਥ ਨਹੀਂ ਮਿਲਿਆ। ਇਸ ਬਾਰੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਔਖੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਸਿਰਫ ਪੰਜਾਬ 'ਚ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਲਈ ਸਾਰੇ ਪਾਰਟੀ ਸੰਸਦ ਮੈਂਬਰਾਂ ਨੂੰ ਦਿੱਲੀ 'ਚ ਧਰਨੇ ਦੇਣੇ ਚਾਹੀਦੇ ਹਨ।
ਬੀਜੇਪੀ ਦੇ ਪ੍ਰੋਗਰਾਮ ਦੌਰਾਨ 'ਰੰਗ 'ਚ ਭੰਗ' ਪਾਉਣ ਵਾਲਿਆਂ ਖਿਲਾਫ ਪੰਜਾਬ ਪੁਲਿਸ ਦੀ ਸਖਤੀ, 30-40 ਕਿਸਾਨਾਂ ਖਿਲਾਫ ਕੇਸ
ਪੰਜਾਬ ਦੇ ਵੱਖ-ਵੱਖ ਆਗੂਆਂ ਸਮੇਤ ਸੀਨੀਅਰ ਕਾਂਗਰਸੀ ਆਗੂ ਰਾਸ਼ਟਰਪਤੀ ਨੂੰ ਖੇਤੀਬਾੜੀ ਕਾਨੂੰਨਾਂ ਵਿਰੁੱਧ ਮੰਗ ਪੱਤਰ ਦੇਣ ਜਾ ਰਹੇ ਸੀ। ਇਸ ਦੌਰਾਨ ਸੁਨੀਲ ਜਾਖੜ ਨੇ ਸੀਨੀਅਰ ਕਾਂਗਰਸੀ ਆਗੂ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਬ ਨਬੀ ਆਜ਼ਾਦ ਦੇ ਬਿਆਨ ਤੋਂ ਬਾਅਦ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ, ਪੰਜਾਬ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਸਣੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਸਿਰਫ ਪੰਜਾਬ ਦੇ ਕਿਸਾਨਾਂ ਦੀ ਲੜਾਈ ਨਹੀਂ, ਇਹ ਭਾਰਤ ਦੀ ਲੜਾਈ ਹੈ। ਪਾਣੀਪਤ 'ਚ ਮੁਗਲਾਂ ਦੀ ਲੜਾਈ 'ਚ ਬਿਨਾਂ ਸ਼ੱਕ ਭਾਰਤ ਦੀ ਹਾਰ ਹੋਈ ਸੀ, ਪਰ ਅਸੀਂ ਕੁੰਡਲੀ ਸਰਹੱਦ ਨੇੜੇ ਸੋਨੀਪਤ ਦੀ ਲੜਾਈ ਜ਼ਰੂਰ ਜਿੱਤਾਂਗੇ।
ਇਸ ਦੇ ਨਾਲ ਹੀ ਜਾਖੜ ਨੇ ਕਿਹਾ ਕਿ ਰਾਜ ਸਭਾ ਦੇ ਸੰਸਦ ਮੈਂਬਰ ਜੋ ਕਾਂਗਰਸ ਦੇ ਫੈਸਲਿਆਂ 'ਤੇ ਉਂਗਲ ਉਠਾਉਂਦੇ ਹਨ, ਉਹ ਚੁੱਪ ਕਿਉਂ ਹਨ। ਪੱਤਰ ਵਿਹਾਰ ਨਾਲ ਹੱਲ ਨਹੀਂ ਹੋਵੇਗਾ। ਦਰਅਸਲ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁਲੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖੇ ਸਨ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂਆਂ ਨੇ ਸੰਸਦ ਦੇ ਬਾਹਰ ਇੱਕ ਦਿਨ ਕਾਂਗਰਸੀ ਸਾਂਸਦਾਂ ਦੇ ਬੈਠਣ ਦੀ ਗੱਲ ਕੀਤੀ। ਇਸ ਤੋਂ ਬਾਅਦ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਹਾਈ ਕਮਾਨ ਨੂੰ ਦੱਸਿਆ ਕਿ ਪੰਜਾਬ ਦੇ ਸੰਸਦ ਮੈਂਬਰ ਆਪਣੀ ਜ਼ਿੰਮੇਵਾਰੀ ਨੂੰ ਨਿਭਾਅ ਰਹੇ ਹਨ, ਜਦਕਿ ਦੂਜੇ ਰਾਜਾਂ ਦੇ ਕਾਂਗਰਸੀ ਸੰਸਦ ਮੈਂਬਰ ਦੂਰ ਹਨ।