ਮਹਿਤਾਬ-ਉਦ-ਦੀਨ
ਚੰਡੀਗੜ੍ਹ: ‘ਕੌਮੀ ਜਾਂਚ ਏਜੰਸੀ’ (NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੇ ਅਮਰੀਕਾ ’ਚ ਰਹਿੰਦੇ ‘ਸਿੱਖਸ ਫ਼ਾਰ ਜਸਟਿਸ’ (SFJ) ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਜਥੇਬੰਦੀ ’ਤੇ ਭਾਰਤ ਵਿੱਚ ਮੁਕੰਮਲ ਪਾਬੰਦੀ ਹੈ। ਪਨੂੰ ਵਿਰੁੱਧ ਇਹ ਤਾਜ਼ਾ ਜਾਂਚ ਇਸ ਲਈ ਹੋ ਰਹੀ ਹੈ ਕਿਉਂਕਿ ਉਸ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਜਾਰੀ ਕੀਤੀ ਗਈ ਹੈ; ਜਿਸ ਵਿੱਚ ਉਸ ਨੇ ਭਾਰਤ ਦੇ ਪੰਜਾਬ, ਪੱਛਮੀ ਬੰਗਾਲ ਤੇ ਮਹਾਰਾਸ਼ਟਰ ਸੂਬਿਆਂ ਨਾਲ ਸਬੰਧਤ ਫ਼ੌਜੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ।

 

ਇਸ ਵੀਡੀਓ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਰਾਜਾਂ ਦੇ ਫ਼ੌਜੀਆਂ ਨੂੰ ਆਪੋ-ਆਪਣੇ ਰਾਜਾਂ ਦੇ ਬਾਰਡਰ ਬੰਦ ਕਰਕੇ ਭਾਰਤ ਸਰਕਾਰ ਵਿਰੁੱਧ ਬਗ਼ਾਵਤ ਕਰ ਦੇਣੀ ਚਾਹੀਦੀ ਹੈ। ਇੰਝ ਇਸ ਵੀਡੀਓ ’ਚ ਪਨੂੰ ਨੇ ਦੇਸ਼ ਦਾ ਬਲਕਾਨੀਕਰਨ ਭਾਵ ਦੇਸ਼ ਦੇ ਟੋਟੇ-ਟੋਟੇ ਕਰਨ ਦੀ ਅਪੀਲ ਕੀਤੀ ਹੈ। NIA ਦੇ ਇੱਕ ਅਧਿਕਾਰੀ ਨੇ ਹੁਣ ਪਨੂੰ ਵਿਰੁੱਧ ਚੱਲ ਰਹੀ ਤਾਜ਼ਾ ਜਾਂਚ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ SFJ ਇੱਕ ਵੱਖਵਾਦੀ ਜਥੇਬੰਦੀ ਹੈ, ਜੋ ਪੰਜਾਬ ਰਾਜ ਨੂੰ ਭਾਰਤ ਨਾਲੋਂ ਤੋੜ ਕੇ ਵੱਖਰੇ ਦੇਸ਼ ‘ਖ਼ਾਲਿਸਤਾਨ’ ਦੀ ਸਥਾਪਨਾ ਕਰਨ ਦੀ ਚਾਹਵਾਨ ਹੈ।

 

ਗ਼ੌਰਤਲਬ ਹੈ ਕਿ SFJ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਵਿਰੁੱਧ ਪਹਿਲਾਂ ਭਾਰਤ ਦੇਸ਼ ਵਿਰੁੱਧ ਧ੍ਰੋਹ ਕਮਾਉਣ ਤੇ ਹੋਰ ਵੀ ਕਈ ਮਾਮਲੇ ਦਰਜ ਹਨ। ਉਸ ਉੱਤੇ ਦੋਸ਼ ਲੱਗਦਾ ਰਿਹਾ ਹੈ ਕਿ ਉਹ ਨੌਜਵਾਨਾਂ ਨੂੰ ਭੜਕਾ ਕੇ ਪੰਜਾਬ ਨੂੰ ਇੱਕ ਵਾਰ ਫਿਰ ਖਾੜਕੂਵਾਦ ਦੇ ਦੌਰ ’ਚ ਪਹੁੰਚਾਉਣਾ ਚਾਹੁੰਦਾ ਹੈ।

 

ਪਿਛਲੇ ਵਰ੍ਹੇ ਪਨੂੰ ਨੇ ‘ਪੰਜਾਬ ਰੈਫ਼ਰੈਂਡਮ 2020’ ਨਾਂ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ; ਜਿਸ ਬਾਰੇ ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਪੰਜਾਬੀਆਂ ਦੀ ਇੱਕ ਰਾਇਸ਼ੁਮਾਰੀ ਹੋਵੇਗੀ, ਜਿਸ ਤੋਂ ਇਹ ਪਤਾ ਲੱਗੇਗਾ ਕਿ ਉਹ ਖ਼ਾਲਿਸਤਾਨ ਚਾਹੁੰਦੇ ਹਨ ਜਾਂ ਨਹੀਂ ਪਰ ਉਸ ਦੀ ਇਹ ਮੁਹਿੰਮ ਬੁਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਈ ਸੀ। ਇਸ ਮੁਹਿੰਮ ਅਧੀਨ ਬੱਸ ਇੰਗਲੈਂਡ, ਕੈਨੇਡਾ, ਅਮਰੀਕਾ, ਜਰਮਨੀ ਤੇ ਕੁਝ ਹੋਰ ਦੇਸ਼ਾਂ ਵਿੱਚ ਮੌਜੂਦ ਭਾਰਤੀ ਹਾਈ ਕਮਿਸ਼ਨਾਂ ਤੇ ਦੂਤਾਵਾਸਾਂ ਸਾਹਮਣੇ ਰੋਸ ਮੁਜ਼ਾਹਰੇ ਕੀਤੇ ਗਏ ਸਨ। ਅਜਿਹੇ ਮੁਜ਼ਾਹਰੇ ਤਾਂ ਹਰ ਵਾਰ ਹੁੰਦੇ ਹੀ ਹਨ।

 

ਭਾਰਤ ਸਰਕਾਰ ਗੁਰਪਤਵੰਤ ਸਿੰਘ ਪਨੂੰ ਨੂੰ UAPA ਅਧੀਨ ‘ਵਿਅਕਤੀਗਤ ਦਹਿਸ਼ਤਗਰਦ’ ਐਲਾਨ ਚੁੱਕੀ ਹੈ। ਪੰਜਾਬ ’ਚ ਮੌਜੂਦ ਉਸ ਦੀਆਂ ਸਾਰੀਆਂ ਜਾਇਦਾਦਾਂ ਕੁਰਕ ਕਰ ਦਿੱਤੀਆਂ ਗਈਆਂ ਹਨ। ਦਸੰਬਰ 2020 ਵਿੱਚ NIA ਨੇ ਉਸ ਵਿਰੁੱਧ ਇੱਕ ਚਾਰਜਸ਼ੀਟ ਵੀ ਦਾਇਰ ਕੀਤੀ ਸੀ। ਇਹ ਚਾਰਜਸ਼ੀਟ ਪਨੂੰ ਦੇ ਨਾਲ-ਨਾਲ ਇੰਗਲੈਂਡ ’ਚ ਰਹਿੰਦੇ ਪਰਮਜੀਤ ਸਿੰਘ ਪੰਮਾ ਤੇ ਕੈਨੇਡਾ ’ਚ ਵੱਸਦੇ ਹਰਦੀਪ ਸਿੰਘ ਨਿੱਝਰ ਵਿਰੁੱਧ ਵੀ ਸੀ। ਇਨ੍ਹਾਂ ਉੱਤੇ ਵੀ ਵਿਦੇਸ਼ਾਂ ’ਚ ਖ਼ਾਲਿਸਤਾਨੀ ਕਾਰਵਾਈਆਂ ਅੰਜਾਮ ਦੇਣ ਦੇ ਦੋਸ਼ ਹਨ।

 

NIA ਦੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਫ਼ੇਸਬੁੱਕ, ਟਵਿਅਰ, ਵ੍ਹਟਸਐਪ, ਯੂਟਿਊਬ ਜਿਹੇ ਸੋਸ਼ਲ ਮੀਡੀਆ ਚੈਨਲਾਂ ਉੱਤੇ ਭਾਰਤ ਵਿਰੁੱਧ ਕੂੜ–ਪ੍ਰਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਖ਼ਾਲਿਸਤਾਨੀਆਂ ਨੇ ਕਈ ਵੈੱਬਸਾਈਟਾਂ ਚਲਾਈਆਂ ਹੋਈਆਂ ਹਨ; ਜਿਨ੍ਹਾਂ ਰਾਹੀਂ ਦਹਿਸ਼ਤਗਰਦ ਕਾਰਵਾਈਆਂ ਵਾਸਤੇ ਫ਼ੰਡ ਵੀ ਇਕੱਠੇ ਕੀਤੇ ਜਾ ਰਹੇ ਹਨ।

 

ਅਨੇਕ ਏਜੰਸੀਆਂ ਇਹ ਵੀ ਪਤਾ ਲਾ ਰਹੀਆਂ ਹਨ ਕਿ ਖ਼ਾਲਿਸਤਾਨੀਆਂ ਨੂੰ ਆਖ਼ਰ ਕੌਣ-ਕੌਣ ਮਾਲੀ ਇਮਦਾਦ ਪਹੁੰਚਾ ਰਿਹਾ ਹੈ। ਭਾਰਤ ਸਰਕਾਰ ਨੇ ਇੰਟਰਪੋਲ ਤੱਕ ਪਹੁੰਚ ਕਰ ਕੇ ਕਈ ਵਾਰ ਗਗੁਰਪਤਵੰਤ ਸਿੰਘ ਪਨੂੰ ਵਿਰੁੱਧ ‘ਰੈੱਡ ਕੌਰਨਰ ਨੋਟਿਸ’ ਜਾਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕਦੇ ਸਫ਼ਲਤਾ ਨਹੀਂ ਮਿਲੀ। NIA ਅਧਿਕਾਰੀ ਨੇ ਦੱਸਿਆ ਕਿ ਪਨੂੰ ਇਸ ਵੇਲੇ 167-05, ਪਾਵੇਲ ਬੂਲੇਵਾਰਡ, ਯੂਨਿਟ 22 ਵ੍ਹਾਈਟ ਸਟੋਨ, ਨਿਊ ਯਾਰਕ ਵਿਖੇ ਰਹਿ ਰਿਹਾ ਹੈ। ਉਹ ਇੱਥੇ ਹੀ ਕੁਝ ਹੋਰ ਖ਼ਾਲਿਸਤਾਨੀਆਂ ਨਾਲ ਮੀਟਿੰਗਾਂ ਕਰਦਾ ਹੈ। ਭਾਰਤ ਸਰਕਾਰ ਨੇ ਹੁਣ ਤੱਕ SFJ ਦੀਆਂ 40 ਤੋਂ ਵੱਧ ਵੈੱਬਸਾਈਟਾਂ ਬਲਾਕ ਕਰ ਦਿੱਤੀਆਂ ਹਨ, ਜੋ ਦੇਸ਼ ਵਿੱਚ ਵੇਖੀਆਂ ਨਹੀਂ ਜਾ ਸਕਦੀਆਂ।