ਇਸਲਾਮਾਬਾਦ: ਪਾਕਿਸਤਾਨ ਨੇ ਭਾਰਤ ਦੇ 11 ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧ 'ਚ ਪਾਕਿਸਤਾਨ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਸਮੁੰਦਰੀ ਸਰਹੱਦ 'ਚ ਦਾਖਲ ਹੋਣ ਦੇ ਦੋਸ਼ 'ਚ 11 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਦੀਆਂ ਦੋ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਹਨ।

 

ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ (ਪੀਐਮਐਸਏ) ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਮੁੱਢਲੀ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਮਛੇਰਿਆਂ ਨੂੰ ਅਗਲੇਰੀ ਕਾਨੂੰਨੀ ਰਸਮਾਂ ਲਈ ਡੌਕਸ ਪੁਲਿਸ ਕਰਾਚੀ ਦੇ ਹਵਾਲੇ ਕਰ ਦਿੱਤਾ ਗਿਆ ਹੈ।

 

ਬਿਆਨ ਵਿੱਚ ਕਿਹਾ ਗਿਆ ਹੈ ਕਿ ਨਿਯਮਤ ਨਿਗਰਾਨੀ ਦੌਰਾਨ ਦੋ ਭਾਰਤੀ ਕਿਸ਼ਤੀਆਂ ਤੇ ਉਨ੍ਹਾਂ ਦੇ ਅਮਲੇ ਦੇ 11 ਮੈਂਬਰ ਪੂਰਬੀ ਸਮੁੰਦਰੀ ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਵੇਖੇ ਗਏ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਪਾਕਿਸਤਾਨੀ ਸਮੁੰਦਰੀ ਸਰਹੱਦ ਵਿੱਚ ਦਾਖਲ ਹੋਣ ਦੀਆਂ ਕਈ ਕੋਸ਼ਿਸ਼ਾਂ ਵੇਖੀਆਂ ਗਈਆਂ ਹਨ।

 

ਇਸ ਕਾਰਨ ਕਰਕੇ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ ਦੀਆਂ ਜਹਾਜ਼ਾਂ, ਹਵਾਈ ਜਹਾਜ਼ਾਂ ਤੇ ਤੇਜ਼ ਕਿਸ਼ਤੀਆਂ ਇਸ ਖੇਤਰ 'ਚ ਗਸ਼ਤ ਕਰ ਰਹੀਆਂ ਹਨ ਤੇ ਨਿਗਰਾਨੀ ਕਰ ਰਹੀਆਂ ਹਨ।

 

ਬਿਆਨ ਦੇ ਅਨੁਸਾਰ, "ਮੌਜੂਦਾ ਸਥਿਤੀ ਅਤੇ ਇਸ ਤੱਥ ਨੂੰ ਦੇਖਦੇ ਹੋਏ ਕਿ ਅਜਿਹੀਆਂ ਕਿਸ਼ਤੀਆਂ ਵਿੱਚ ਆਮ ਤੌਰ 'ਤੇ ਜੀਪੀਐਸ ਉਪਕਰਣ ਹੁੰਦੇ ਹਨ, ਸਾਡੀ ਸਮੁੰਦਰੀ ਸੀਮਾ ਦੇ ਅੰਦਰ ਉਨ੍ਹਾਂ ਦੀ ਮੌਜੂਦਗੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹ ਕਿਸ਼ਤੀਆਂ ਗਲਤ ਕੰਮਾਂ ਲਈ ਵੀ ਵਰਤੀਆਂ ਜਾ ਸਕਦੀਆਂ ਹਨ।"

 

ਅਰਬ ਸਾਗਰ 'ਚ ਸਮੁੰਦਰੀ ਸੀਮਾ ਦੀ ਸਪੱਸ਼ਟਤਾ ਦੀ ਘਾਟ ਕਾਰਨ ਭਾਰਤ ਤੇ ਪਾਕਿਸਤਾਨ ਅਕਸਰ ਇਕ ਦੂਜੇ ਦੇ ਮਛੇਰਿਆਂ ਨੂੰ ਗ੍ਰਿਫਤਾਰ ਕਰਦੇ ਹਨ। ਉੱਥੇ ਹੀ ਮਛੇਰਿਆਂ ਕੋਲ ਆਪਣੀ ਸਹੀ ਸਥਿਤੀ ਜਾਣਨ ਲਈ ਤਕਨਾਲੋਜੀ ਨਾਲ ਲੈਸ ਕਿਸ਼ਤੀਆਂ ਨਹੀਂ ਹਨ। ਲੰਬੇ ਅਤੇ ਹੌਲੀ ਅਫਸਰਸ਼ਾਹੀ ਤੇ ਕਾਨੂੰਨੀ ਪ੍ਰਕਿਰਿਆਵਾਂ ਦੇ ਕਾਰਨ ਮਛੇਰੇ ਆਮ ਤੌਰ 'ਤੇ ਕਈ ਮਹੀਨਿਆਂ ਤੇ ਕਈ ਵਾਰੀ ਸਾਲਾਂ ਲਈ ਜੇਲ੍ਹ ਵਿੱਚ ਰਹਿੰਦੇ ਹਨ। 

 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904