ਚੰਡੀਗੜ੍ਹ: ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਸਕਾਲਰਸ਼ਿਪ ਘੁਟਾਲੇ ਦਾ ਮਾਮਲਾ ਹੁਣ ਭਖਦਾ ਜਾ ਰਿਹਾ ਹੈ। ਵਿਰੋਧੀ ਧਿਰਾਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਧਰਮਸੋਤ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਾਧੂ ਸਿੰਘ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਦਹੁਰਾਇਆ ਹੈ ਤੇ ਐਲਾਨ ਕੀਤਾ ਕਿ ਜੇਕਰ ਸੱਤਾਧਾਰੀ ਕਾਂਗਰਸ ਨੇ ਇਸ ਭ੍ਰਿਸ਼ਟ ਅਤੇ ਦਲਿਤ ਵਿਰੋਧੀ ਮੰਤਰੀ ਨੂੰ ਮੰਤਰੀ ਮੰਡਲ ‘ਚੋ ਨਾ ਕੱਢਿਆ ਤਾਂ ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਪਵੇਗਾ।


ਭਗਵੰਤ ਮਾਨ ਨੇ ਕਿਹਾ ਕਿ ਜਿਸ ਬੇਸ਼ਰਮੀ ਨਾਲ ਅਮਰਿੰਦਰ ਸਿੰਘ ਸਰਕਾਰ ਇੱਕ ਭ੍ਰਿਸ਼ਟ ਮੰਤਰੀ ਨੂੰ ਬਚਾ ਰਹੀ ਹੈ, ਉਸ ਤੋਂ ਸ਼ੱਕ ਪੈਦਾ ਹੁੰਦਾ ਹੈ ਦਲਿਤ ਵਿਦਿਆਰਥੀਆਂ ਦੇ ਹੱਕ ਦੀ ਰਾਸ਼ੀ ਮੁੱਖ ਮੰਤਰੀ ਦੇ ਮਹਿਲਾਂ ਤੱਕ ਵੀ ਜਾਂਦੀ ਹੋਵੇਗੀ। ਭਗਵੰਤ ਮਾਨ ਨੇ 24 ਘੰਟਿਆਂ ਦੀ ਮੋਹਲਤ ਦਿੰਦੇ ਹੋਏ ਕਿਹਾ ਕਿ ਕਾਂਗਰਸ ਨੇ ਜੇ ਸਾਧੂ ਸਿੰਘ ਨੂੰ ਬਰਖ਼ਾਸਤ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਵਲੋਂ ਕਾਂਗਰਸ ਸਰਕਾਰ ਅਤੇ ਧਰਮਸੋਤ ਵਿਰੁੱਧ ਜਲੰਧਰ ਤੋਂ ਸੂਬਾ ਪੱਧਰੀ ਸੰਘਰਸ਼ ਦੀ ਸ਼ੁਰੂਆਤ ਹੋਵੇਗੀ।

PMS SC Scholarship Scam:ਦਲਜੀਤ ਚੀਮਾ ਨੇ ਬਹੁਕੋਰੜੀ ਘੁਟਾਲੇ 'ਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ

ਭਗਵੰਤ ਮਾਨ ਨੇ ਕਿਹਾ ਕਿ, ‘‘63.91 ਕਰੋੜ ਰੁਪਏ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਘੁਟਾਲੇ ਬਾਰੇ ਜਿੰਨੇ, ਤੱਥ, ਦਸਤਾਵੇਜੀ ਸਬੂਤ, ਬੇਨਿਯਮੀਆਂ ਅਤੇ ਆਪਹੁਦਰੀਆ ਜਾਂਚ ਰਿਪੋਰਟ ‘ਚ ਦਰਜ ਹਨ, ਉਸ ਹਿਸਾਬ ਨਾਲ ਧਰਮਸੋਤ ਨੂੰ 5 ਮਿੰਨਾਂ ‘ਚ ਹਟਾ ਕੇ ਉਸ ਦੇ ਅਤੇ ਉਸ ਦੇ ਸਾਥੀਆਂ ਵਿਰੁੱਧ ਫੌਜਦਾਰੀ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਸੀ। ਪਰ ਅਮਰਿੰਦਰ ਸਿੰਘ ਸਰਕਾਰ ਧਰਮਸੋਤ ਨੂੰ ਗਿਰਫਤਾਰ ਕਰਨ ਦੀ ਥਾਂ ਮੰਤਰੀ ਦੀ ਕੁਰਸੀ ‘ਤੇ ਬਰਕਰਾਰ ਰੱਖਣਾ ਚਾਹੁੰਦੀ ਹੈ।’’