ਨਵੀਂ ਦਿੱਲੀ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (ਪੀਕੇ) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕੈਪਟਨ ਨੂੰ ਕਿਹਾ ਹੈ ਕਿ ਜਨਤਕ ਜੀਵਨ ਵਿੱਚ ਅਸਥਾਈ ਛੁੱਟੀ ਲੈਣ ਦੇ ਆਪਣੇ ਫੈਸਲੇ ਕਰਕੇ ਸਲਾਹਕਾਰ ਦੀ ਜ਼ਿੰਮੇਵਾਰੀ ਨਿਭਾਉਣ ਦੇ ਕਾਬਲ ਨਹੀਂ ਹਾਂ। ਇਸ ਲਈ ਮੈਨੂੰ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੀ ਕ੍ਰਿਪਾਲਤਾ ਕਰੋ।



ਇਸੇ ਦੌਰਾਨ ਚਰਚਾ ਹੈ ਕਿ ਕਾਂਗਰਸ ਨੇ ਪਾਰਟੀ ਦੀ ਰਾਜਨੀਤਕ ਵਾਪਸੀ ਦੀ ਰੂਪ-ਰੇਖਾ ਨੂੰ ਅੱਗੇ ਲਿਜਾਣ ਲਈ ਮਸ਼ਹੂਰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (ਪੀਕੇ) ਦੀ ਸਿਆਸੀ ਭੂਮਿਕਾ ਦਾ ਲਗਪਗ ਫੈਸਲਾ ਕਰ ਲਿਆ ਹੈ। ਪ੍ਰਸ਼ਾਂਤ ਕਿਸ਼ੋਰ ਨੂੰ ਚੋਣ ਪ੍ਰਬੰਧ ਤੋਂ ਲੈ ਕੇ ਰਾਜਨੀਤਕ ਗੱਠਜੋੜ ਤੱਕ, ਕਾਂਗਰਸ ਸੰਗਠਨ ਦੇ ਢਾਂਚੇ ਨੂੰ ਤੈਅ ਕਰਨ ਦੀ ਅਹਿਮ ਜ਼ਿੰਮੇਵਾਰੀ ਦੇਣ ਲਈ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇਗਾ। ਪੀਕੇ ਦੀ ਇਸ ਰਾਜਨੀਤਕ ਭੂਮਿਕਾ ਲਈ ਪਾਰਟੀ ਵਿੱਚ ਵਿਸ਼ੇਸ਼ ਸਲਾਹਕਾਰ ਕਮੇਟੀ ਦੇ ਗਠਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ, ਜੋ ਸਿੱਧੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਰਿਪੋਰਟ ਦੇਵੇਗੀ।

ਉਂਝ ਇਹ ਵੀ ਪਤਾ ਲੱਗਾ ਹੈ ਕਿ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਕਾਂਗਰਸ ਭੰਬਲਭੂਸੇ ਦੀ ਸਥਿਤੀ ਵਿੱਚ ਹੈ। ਪਾਰਟੀ ਲੀਡਰਸ਼ਿਪ ਇਸ ਬਾਰੇ ਸਾਰਿਆਂ ਨਾਲ ਚਰਚਾ ਕਰ ਰਹੀ ਹੈ ਪਰ ਪਾਰਟੀ ਦੇ ਨੇਤਾ ਤੇ ਵਰਕਰ ਜ਼ਿਆਦਾ ਦੇਰ ਉਡੀਕ ਨਹੀਂ ਕਰਨਾ ਚਾਹੁੰਦੇ। ਪਾਰਟੀ ਦੇ ਬਹੁਤੇ ਨੇਤਾਵਾਂ ਦਾ ਮੰਨਣਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਤੁਰੰਤ ਕਾਂਗਰਸ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੀ ਮੁਹਾਰਤ ਦਾ ਲਾਭ ਲਿਆ ਜਾ ਸਕੇ।

 
ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ ਕਿ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੂਰ ਨਹੀਂ ਹਨ। ਪ੍ਰਸ਼ਾਂਤ ਕਿਸ਼ੋਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ ਹੋਏ ਹਨ ਪਰ ਪੰਜਾਬ ਦੇ ਨਾਲ, ਉੱਤਰਾਖੰਡ, ਗੋਆ ਤੇ ਮਣੀਪੁਰ ਉਹ ਰਾਜ ਹਨ ਜਿੱਥੇ ਕਾਂਗਰਸ ਜਿੱਤ ਸਕਦੀ ਹੈ। ਜੇ ਪ੍ਰਸ਼ਾਂਤ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਹਨ, ਤਾਂ ਇਨ੍ਹਾਂ ਸਾਰੇ ਰਾਜਾਂ ਵਿੱਚ ਜਿੱਤ ਦੀ ਸੰਭਾਵਨਾ ਵਧ ਜਾਵੇਗੀ।

 

ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿੱਚ ਵੀ 2022 ਦੇ ਅੰਤ ਵਿੱਚ ਚੋਣਾਂ ਹਨ। ਗੁਜਰਾਤ ਰਾਜਨੀਤਕ ਤੌਰ 'ਤੇ ਮਹੱਤਵਪੂਰਨ ਹੈ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੇ ਭਾਜਪਾ ਨੂੰ 100 ਸੀਟਾਂ ਪਾਰ ਕਰਨ ਦਾ ਮੌਕਾ ਨਹੀਂ ਦਿੱਤਾ ਸੀ। ਪਰ ਤਦ ਦੇ ਸਮੇਂ ਤੇ ਹੁਣ ਵਿੱਚ ਫ਼ਰਕ ਹੈ। ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪਾਰਟੀ ਵਿੱਚ ਧੜੇਬੰਦੀ ਵਧੀ ਹੈ। ਬਹੁਤ ਸਾਰੇ ਵਿਧਾਇਕ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

 

ਅਜਿਹੀ ਸਥਿਤੀ ਵਿੱਚ ਕਾਂਗਰਸ ਨੂੰ ਗੁਜਰਾਤ ਚੋਣਾਂ ਲਈ ਨਵੀਂ ਰਣਨੀਤੀ ਬਣਾਉਣ ਦੀ ਲੋੜ ਹੋਵੇਗੀ। ਗੁਜਰਾਤ ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ ਕਿ ਪਾਰਟੀ ਨੂੰ ਦੇਰੀ ਨਹੀਂ ਕਰਨੀ ਚਾਹੀਦੀ। ਪਾਰਟੀ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ। ਅਜਿਹੀ ਸਥਿਤੀ ਵਿੱਚ ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸਲਾਹ ਨੂੰ ਤੁਰੰਤ ਲਾਗੂ ਕੀਤਾ ਜਾਣਾ ਚਾਹੀਦਾ ਹੈ। ਤਾਂ ਜੋ, ਪਾਰਟੀ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕਰ ਸਕੇ।

 

ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਵੀ ਪਾਰਟੀ ਦੀ ਸਥਿਤੀ ਚੰਗੀ ਨਹੀਂ ਹੈ। ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਅੰਦਰੂਨੀ ਲੜਾਈ ਆਪਣੇ ਸਿਖਰ 'ਤੇ ਹੈ। ਮੱਧ ਪ੍ਰਦੇਸ਼ ਵਿੱਚ ਕਾਂਗਰਸ ਆਪਣੀ ਸਰਕਾਰ ਗੁਆ ਚੁੱਕੀ ਹੈ। ਪਾਰਟੀ ਨੇਤਾਵਾਂ ਦਾ ਕਹਿਣਾ ਹੈ ਕਿ ਲਗਾਤਾਰ ਕਈ ਚੋਣਾਂ ਹਾਰਨ ਤੋਂ ਬਾਅਦ ਵੀ ਜੇ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਇਸ ਨੂੰ ਸਕਾਰਾਤਮਕ ਸੰਕੇਤ ਦੇ ਰੂਪ ਵਿੱਚ ਲਿਆ ਜਾਣਾ ਚਾਹੀਦਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਪੀਕੇ (PK) ਕਾਂਗਰਸ ਵਿੱਚ ਇੱਕ ਨਵੀਂ ਰੂਹ ਫੁਕ ਸਕਣਗੇ?