Punjab Breaking News LIVE: ਗੋਆ 'ਚ ਪੰਜਾਬ ਦੀ ਜ਼ਮੀਨ 'ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ, ਕਈ ਰਾਜਾਂ 'ਚ ਮੀਂਹ ਦਾ ਅਲਰਟ, ਅਕਾਲੀ ਦਲ ਦੇ 6 ਵੱਡੇ ਲੀਡਰ ਵਿਜੀਲੈਂਸ ਦੀ ਰਡਾਰ 'ਤੇ
Punjab Breaking News LIVE 29 June, 2023: ਗੋਆ 'ਚ ਪੰਜਾਬ ਦੀ ਜ਼ਮੀਨ 'ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ, ਕਈ ਰਾਜਾਂ 'ਚ ਮੀਂਹ ਦਾ ਅਲਰਟ, ਅਕਾਲੀ ਦਲ ਦੇ 6 ਵੱਡੇ ਲੀਡਰ ਵਿਜੀਲੈਂਸ ਦੀ ਰਡਾਰ 'ਤੇ
ਬੁੱਧਵਾਰ (28 ਜੂਨ) ਨੂੰ ਅਮਰੀਕਾ ਦੇ ਸ਼ਾਰਲੋਟ ਡਗਲਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ, ਇੱਕ ਡੈਲਟਾ ਜਹਾਜ਼ ਬਿਨਾਂ ਫਰੰਟ ਲੈਂਡਿੰਗ ਗੀਅਰ ਦੇ ਉਤਰਿਆ। ਇਸ ਤੋਂ ਬਾਅਦ ਏਅਰਪੋਰਟ ਨੇ ਫੇਸਬੁੱਕ 'ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਕਿ ਇਸ ਘਟਨਾ 'ਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ ਹੈ। ਘਟਨਾ ਤੋਂ ਬਾਅਦ ਰਨਵੇਅ ਨੂੰ ਬੰਦ ਕਰ ਦਿੱਤਾ ਗਿਆ ਅਤੇ ਚਾਲਕ ਦਲ ਜਹਾਜ਼ ਨੂੰ ਹਟਾਉਣ 'ਚ ਲੱਗਾ ਹੋਇਆ ਹੈ।
ਭਾਰਤੀ ਮੂਲ ਦੇ ਅਜੈ ਬੰਗਾ ਨੇ ਇੱਕ ਵਾਰ ਫਿਰ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ (Ajay Banga) ਨੂੰ ਅਮਰੀਕਾ ਨੇ ਸਾਲ 2023 ਦੇ ਮਹਾਨ ਪ੍ਰਵਾਸੀਆਂ ਦੀ ਸੂਚੀ ਵਿੱਚ ਥਾਂ ਦਿੱਤੀ ਗਈ ਹੈ। ਇਸ ਲਿਸਟ ਵਿੱਚ ਅਮਰੀਕਾ ਵਿੱਚ ਵੱਸਣ ਵਾਲੇ ਉਨ੍ਹਾਂ ਪ੍ਰਵਾਸੀਆਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ, ਜੋ ਲੋਕ ਵਿਦੇਸ਼ਾਂ ਤੋਂ ਆ ਕੇ ਅਮਰੀਕਾ ਵਿੱਚ ਮਹਾਨ ਕੰਮ ਕਰਦੇ ਹਨ।
ਪੰਜਾਬ ਵਿੱਚ ਪਰਲ ਕੰਪਨੀ(ਪਰਲ ਸਕੈਮ) ਦਾ ਮਾਮਲਾ ਲੰਬੇ ਸਮੇਂ ਤੋਂ ਚਰਚਾ ਵਿੱਚ ਹੈ ਤੇ ਹੁਣ ਇਸ ਬਾਬਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਚਿੱਟ ਫੰਡ ਕੰਪਨੀ ਪਰਲ ਦੀਆਂ ਸਾਰੀਆਂ ਜਾਇਦਾਦਾਂ ਨੂੰ ਆਪਣੇ ਕਬਜ਼ੇ ਲੈਣ ਵਿੱਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ, ਸਰਕਾਰ ਨੇ ਪੰਜਾਬ ਵਿੱਚ ਚਿੱਟ ਫੰਡ ਕੰਪਨੀ “ਪਰਲ” ਦੀਆਂ ਸਾਰੀਆਂ ਜਾਇਦਾਦਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ.. ਕਾਨੂੰਨੀ ਕਾਰਵਾਈ ਪੂਰੀ ਕਰਕੇ ਜਲਦੀ ਹੀ ਨਿਲਾਮੀ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ...
ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਵੀਰਵਾਰ ਸਵੇਰੇ ਕਰੀਬ 10.30 ਵਜੇ ਤਰਨਤਾਰਨ ਦੇ ਪਿੰਡ ਖਾਲੜਾ ਨੇੜੇ ਇੱਕ ਖੇਤ ਵਿੱਚੋਂ ਦੋ ਸ਼ੱਕੀ ਬੈਗ ਬਰਾਮਦ ਕੀਤੇ। ਦੋਵੇਂ ਥੈਲੇ ਧਾਤ ਦੀਆਂ ਰਿੰਗਾਂ ਨਾਲ ਜੁੜੇ ਪੀਲੇ ਟੇਪ ਵਿੱਚ ਲਪੇਟੇ ਹੋਏ ਸਨ। ਪੁਲਿਸ ਨੇ ਇਨ੍ਹਾਂ ਥੈਲਿਆਂ ਵਿੱਚੋਂ 5.120 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਬੀਐਸਐਫ ਨੇ ਇਹ ਜਾਣਕਾਰੀ ਦਿੱਤੀ।
ਫਰਾਂਸ 'ਚ ਇੱਕ 17 ਸਾਲਾ ਨੌਜਵਾਨ ਦੀ ਪੁਲਿਸ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਤੋਂ ਬਾਅਦ ਭੜਕੀ ਹਿੰਸਾ ਦੂਜੇ ਦਿਨ ਵੀ ਜਾਰੀ ਰਹੀ। ਦੇਸ਼ 'ਚ ਚੱਲ ਰਹੇ ਹੰਗਾਮੇ ਦਰਮਿਆਨ ਪੁਲਿਸ ਨੇ ਅਸ਼ਾਂਤੀ ਫੈਲਾਉਣ ਵਾਲੇ 150 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਮੂਸਾ ਡਾਰਮੈਨਿਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਰਾਂਸ ਦੇ ਗ੍ਰਹਿ ਮੰਤਰਾਲੇ ਦੇ ਅਨੁਸਾਰ, ਨੌਜਵਾਨ ਦੀ ਪੁਲਿਸ ਦੀ ਗੋਲੀਬਾਰੀ ਤੋਂ ਬਾਅਦ ਹੋਏ ਹੰਗਾਮੇ ਵਿੱਚ ਦਰਜਨਾਂ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਹਨ। ਹੁਣ ਵੀ ਦੇਸ਼ ਦੇ ਕਈ ਹਿੱਸਿਆਂ ਤੋਂ ਅੱਗਜ਼ਨੀ ਅਤੇ ਪੱਥਰਬਾਜ਼ੀ ਦੀਆਂ ਖਬਰਾਂ ਆ ਰਹੀਆਂ ਹਨ। ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਕਰਨ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸਥਾਨਕ ਪੁਲਿਸ ਨੇ ਅੱਗੇ ਵਧਣ ਤੋਂ ਰੋਕ ਦਿੱਤਾ ਹੈ। ਰਾਹੁਲ ਗਾਂਧੀ ਨੂੰ ਇੰਫਾਲ ਹਵਾਈ ਅੱਡੇ ਦੇ ਸਾਹਮਣੇ ਵਿਸ਼ਨੂੰਪੁਰ ਚੈੱਕਪੋਸਟ 'ਤੇ ਰੋਕ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਦੇ ਕਾਫਲੇ ਨੂੰ ਸੁਰੱਖਿਆ ਕਾਰਨਾਂ ਕਰਕੇ ਰੋਕ ਦਿੱਤਾ ਗਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਵੀਰਵਾਰ 29 ਜੂਨ ਨੂੰ ਇੰਫਾਲ ਪਹੁੰਚ ਗਏ ਹਨ। ਏਐਨਆਈ ਮੁਤਾਬਕ ਰਾਹੁਲ ਗਾਂਧੀ ਦੋ ਦਿਨਾਂ ਲਈ ਹਿੰਸਾ ਪ੍ਰਭਾਵਿਤ ਰਾਜ ਦਾ ਦੌਰਾ ਕਰਨਗੇ ਅਤੇ ਆਪਣੇ ਦੌਰੇ ਦੌਰਾਨ ਰਾਹਤ ਕੈਂਪਾਂ ਦਾ ਵੀ ਦੌਰਾ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਦਾ ਇੰਫਾਲ ਅਤੇ ਚੂਰਾਚੰਦਪੁਰ ਵਿੱਚ ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਨੂੰ ਮਿਲਣ ਦਾ ਪ੍ਰੋਗਰਾਮ ਵੀ ਹੈ।
ਪੰਜਾਬ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਪਰ ਸੂਬੇ ਵਿੱਚ ਪਹੁੰਚਦਿਆਂ ਹੀ ਮਾਨਸੂਨ ਸੁਸਤ ਹੋ ਗਈ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਸਿਰਫ਼ ਗੁਰਦਾਸਪੁਰ ਵਿੱਚ ਹੀ ਮੀਂਹ ਪਿਆ ਹੈ। ਜਦਕਿ ਪੂਰੇ ਸੂਬੇ 'ਚ ਗਰਮੀ ਤੇ ਹੁੰਮਸ ਦਾ ਮਾਹੌਲ ਰਿਹਾ। ਇਸ ਦੇ ਨਾਲ ਹੀ ਅੱਜ ਦੁਪਹਿਰ 11 ਵਜੇ ਜਾਰੀ ਅਲਰਟ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਵਿੱਚ ਸੰਗਰੂਰ, ਪਟਿਆਲਾ, ਐਸਏਐਸ ਨਗਰ ਤੇ ਫਤਿਹਗੜ੍ਹ ਸਾਹਿਬ ਵਿੱਚ ਮੀਂਹ ਪੈ ਸਕਦਾ ਹੈ।
ਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਵੀਡੀਓ ਦਾ ਮਾਮਲਾ ਪੰਜਾਬ ਸਰਕਾਰ ਲਈ ਸਿਰ ਦਰਦ ਬਣਦਾ ਜਾ ਰਿਹਾ ਹੈ। ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਵੱਲੋਂ ਇੱਸ ਮਾਮਲੇ 'ਤੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਡੀਜੀਪੀ ਨੂੰ ਮੁੜ ਤਲਬ ਕੀਤਾ ਗਿਆ ਹੈ। SC ਕਮਿਸ਼ਨ ਨੇ ਪੰਜਾਬ ਦੇ ਚੀਫ਼ ਸੈਕਟਰੀ, ਡੀਜੀਪੀ ਗੌਰਵ ਯਾਦਵ ਤੇ ਡੀਆਈਜੀ (ਬਾਰਡਰ ਜ਼ੋਨ) ਨਰਿੰਦਰ ਭਾਰਗਵ ਨੂੰ ਸੰਮਨ ਜਾਰੀ ਕਰ ਦਿੱਤੇ ਹਨ। SC ਕਮਿਸ਼ਨ ਨੇ ਇਹਨਾਂ ਤਿੰਨਾਂ ਨੂੰ 31 ਜੁਲਾਈ ਸਵੇਰੇ 11 ਵਜੇ ਲਈ ਤਲਬ ਕੀਤਾ ਹੈ।
ਅੰਮ੍ਰਿਤਸਰ ਵਿੱਚ ਤਿੰਨ ਨਕਾਬਪੋਸ਼ਾਂ ਵੱਲੋਂ ਪਿਸਤੌਲ ਦੀ ਨੋਕ 'ਤੇ ਇੱਕ ਵਾਰ ਫਿਰ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਲੁੱਟ ਦੀ ਵਾਰਦਾਤ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਘਰ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਸਥਿਤ ਪਾਰਕ ਸਥਿਤ ਵੇਰਕਾ ਬੂਥ 'ਤੇ ਹੋਈ ਹੈ। ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ ਹੈ।
ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗਜ਼ ਮਾਮਲੇ ਦੇ ਮੁਲਜ਼ਮ ਬਰਖਾਸਤ ਏਆਈਜੀ ਰਾਜਜੀਤ ਸਿੰਘ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਜਦਕਿ ਮੁਹਾਲੀ ਅਦਾਲਤ ਨੇ ਮੁਲਜ਼ਮਾਂ ਦੇ ਤਿੰਨ ਵਾਰ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਹਨ। ਇਸ ਦੇ ਬਾਵਜੂਦ ਐਸਟੀਐਫ ਤੇ ਸਮੁੱਚੀ ਪੰਜਾਬ ਪੁਲਿਸ ਉਸ ਦੀ ਲੋਕੇਸ਼ਨ ਟਰੇਸ ਨਹੀਂ ਕਰ ਸਕੀ।
ਆਮ ਆਦਮੀ ਪਾਰਟੀ ਹੀ ਬੀਜੇਪੀ ਦੀ ਬੀ ਟੀਮ ਹੈ ਇਹ ਅਕਾਲੀ ਦਲ ਨੇ ਸਾਬਿਤ ਕਰ ਦਿੱਤਾ ਹੈ। ਦਰਅਸਲ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਦਾ ਸਮਰਥਨ ਕੀਤਾ ਹੈ, ਉਦੋਂ ਤੋਂ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਆਗੂ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਪਾਰਟੀ ਦੀਆਂ ਨੀਤੀਆਂ ਭਾਜਪਾ ਨਾਲੋਂ ਵੱਖਰੀਆਂ ਨਹੀਂ ਹਨ ਅਤੇ ਇਸ ਨਾਲ ‘ਆਪ’ ਸੁਪਰੀਮੋ ਕੇਜਰੀਵਾਲ ਦਾ ਚਿਹਰਾ ਨੰਗਾ ਹੋ ਗਿਆ ਹੈ। ਓਧਰ ਕਾਂਗਰਸੀ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਵੀ ਆਦਮ ਆਦਮੀ ਪਾਰਟੀ ਨੂੰ ਯੂਨੀਫਾਰਮ ਸਿਵਲ ਕੋਡ ਦਾ ਸਮਰਥਨ ਕਰਨ 'ਤੇ ਘੇਰਿਆ ਹੈ।
'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖਿਲਾਫ ਪੁਲਿਸ ਕਾਰਵਾਈ ਜਾਰੀ ਹੈ। ਅੰਮ੍ਰਿਤਪਾਲ ਤੇ ਉਸ ਦੇ ਸਮਰਥਕਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਅਜਨਾਲਾ ਕਾਂਡ ਦੇ ਮਾਮਲੇ ਵਿੱਚ ਪੁਲਿਸ ਨੇ ਅੰਮ੍ਰਿਤਪਾਲ ਦੇ 27 ਸਾਥੀਆਂ ਖ਼ਿਲਾਫ਼ ਅਜਨਾਲਾ ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ। ਅਹਿਮ ਗੱਲ ਹੈ ਕਿ ਇਹ ਚਲਾਨ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਨਹੀਂ ਹੈ। ਕੁਝ ਸਮੇਂ ਬਾਅਦ ਅੰਮ੍ਰਿਤਪਾਲ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਕਰੀਬ 9 ਸਾਥੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
ਹਰਿਆਣਾ ਅਤੇ ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਦਾ ਵੱਖ-ਵੱਖ ਬਣਿਆ ਹੋਇਆ ਹੈ ਜਦਕਿ ਹਰਿਆਣਾ 'ਚ ਬਾਰਸ਼ ਜਾਰੀ ਹੈ। ਜਿਸ ਕਾਰਨ ਤਾਪਮਾਨ 'ਚ ਕੋਈ ਬਦਲਾਅ ਨਹੀਂ ਹੋਣ ਵਾਲਾ ਹੈ। ਓਥੇ ਹੀ ਦੂਜੇ ਪਾਸੇ ਪੰਜਾਬ ਵਿੱਚ 37 ਡਿਗਰੀ ਸੈਲਸੀਅਸ ਵਾਲੀ ਗਰਮੀ ਅਜੇ ਵੀ ਬਰਕਰਾਰ ਹੈ। ਇੱਥੇ ਮਾਨਸੂਨ ਦੀ ਬਾਰਿਸ਼ ਲਈ ਸਾਨੂੰ 2 ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ। ਮੌਸਮ ਵਿਭਾਗ ਨੇ ਪੰਜਾਬ ਵਿੱਚ 30 ਜੂਨ ਤੱਕ ਦਰਮਿਆਨੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਸੂਬੇ 'ਚ 5 ਦਿਨਾਂ ਤੱਕ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਪੰਜਾਬ ਵਿੱਚ ਵਿਜੀਲੈਂਸ ਬਿਊਰੋ ਦੀਆਂ ਹੁਣ ਤੱਕ ਜੋ ਵੀ ਕਾਰਵਾਈਆਂ ਹੋਈਆਂ ਹਨ ਉਹਨਾ ਵਿੱਚ ਜ਼ਿਆਦਾਤਰ ਕਾਂਗਰਸ ਦੇ ਹੀ ਸਾਬਕਾ ਮੰਤਰੀ ਅਤੇ ਵਿਧਾਇਕ ਸ਼ਾਮਲ ਸਨ। ਪੁਰ ਹੁਣ ਵਿਜੀਲੈਂਸ ਨੇ ਆਪਣੀ ਜਾਂਚ ਨੂੰ ਅਕਾਲੀ ਦਲ ਦੇ ਸਾਬਕਾ ਮੰਤਰੀਆਂ, ਵਿਧਾਇਕਾਂ, ਮੁੱਖ ਸੰਸਦੀ ਸਕੱਤਰ ਤੱਕ ਲਿਆਂਦਾ ਹੈ। ਵਿਜੀਲੈਂਸ ਦੀ ਰਡਾਰ 'ਤੇ ਅਕਾਲੀ ਦੇ 6 ਵੱਡੇ ਲੀਡਰ ਹਨ ਜਿਹਨਾਂ 'ਤੇ ਸ਼ੱਕ ਹੈ ਕਿ ਇਹਨਾਂ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ।
ਪਿਛੋਕੜ
Punjab Breaking News LIVE 29 June, 2023: ਭਵਾਨੀਗੜ੍ਹ ਨੇੜਲੇ ਪਿੰਡ ਖੇੜੀ ਚੰਦਵਾਂ ਵਿੱਚ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਲਈ ਜ਼ਮੀਨ ਦਾ ਢੁਕਵਾਂ ਭਾਅ ਨਾ ਦੇਣ ਖ਼ਿਲਾਫ਼ ਪਿਛਲੇ ਸਾਲ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਰੋਡ ਸੰਘਰਸ਼ ਕਮੇਟੀ ਵੱਲੋਂ ਲਾਏ ਪੱਕੇ ਮੋਰਚੇ ਦੌਰਾਨ ਕਿਸਾਨਾਂ ਨੇ ਪਹਿਲੀ ਜੁਲਾਈ ਨੂੰ ਜ਼ਮੀਨਾਂ ਵਾਹੁਣ ਦਾ ਐਲਾਨ ਕੀਤਾ। ਦਿੱਲੀ-ਕੱਟੜਾ ਐਕਸਪ੍ਰੈੱਸਵੇਅ 'ਤੇ ਸੰਕਟ, ਕਿਸਾਨਾਂ ਵੱਲੋਂ ਐਕਵਾਇਰ ਜ਼ਮੀਨਾਂ ਵਾਹੁਣ ਦਾ ਐਲਾਨ
ਸਿੱਖ ਰਾਜ ਦੀ ਸਥਾਪਨਾ ਦੇ ਸੁਪਨੇ ਨੂੰ ਸਾਕਾਰ ਕਰਨ ਵਾਲਾ 'ਸ਼ੇਰ-ਏ-ਪੰਜਾਬ ਮਾਹਾਰਾਜਾ ਰਣਜੀਤ ਸਿੰਘ'
Maharaja Ranjit Singh: 18ਵੀਂ ਸਦੀ ਦਾ ਸਿੱਖ ਇਤਿਹਾਸ, ਸੰਘਰਸ਼ ਦੀ ਜੱਦੋ-ਜਹਿਦ ਦੀ ਮੂੰਹ ਬੋਲਦੀ ਤਸਵੀਰ ਹੈ। ਇਹ ਸਮਾਂ ਹਿੰਦੂਸਤਾਨ ਵਿੱਚ ਮੁਗਲ ਸ਼ਾਸ਼ਨ ਦੇ ਅੰਤ ਤੇ ਸਿੱਖ ਰਾਜ ਦੇ ਸਥਾਪਤ ਹੋਣ ਦਾ ਹੈ। ਸਿੱਖ ਰਾਜ ਦੀ ਸਥਾਪਨਾ ਦੇ ਸੁਪਨੇ ਨੂੰ ਸਾਕਾਰ ਕਰਨ ਹਿੱਤ ਇਤਿਹਾਸ ਦੀ ਇਸ ਮੰਗ ਨੂੰ ਸ਼ੇਰ-ਏ-ਪੰਜਾਬ ਮਾਹਾਰਾਜਾ ਰਣਜੀਤ ਸਿੰਘ ਨੇ ਪੂਰਾ ਕੀਤਾ। ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਤੇਜ ਪ੍ਰਤਾਪ ਚਮਕਦੇ ਸੂਰਜ ਵਾਂਗ ਸੀ। ਉਨ੍ਹਾਂ ਦੀ ਸ਼ਕਤੀ ਅਟਕ ਦੇ ਅੱਥਰੇਪਨ ਨੂੰ ਅਟਕਾਉਣ ਦੇ ਸਮਰੱਥ ਸੀ। ਉਨ੍ਹਾਂ ਦੀ ਤੇਗ ਦੀ ਤਿੱਖੀ ਧਾਰ ਅੱਗੇ ਕਾਬਲ ਕੰਧਾਰ ਦੇ ਜ਼ਾਲਮ ਪਠਾਣਾਂ ਨੇ ਸਿਰ ਨਿਵਾ ਦਿੱਤੇ। ਫਤਹਿ ਸਦਾ ਉਨ੍ਹਾਂ ਦੇ ਪੈਰ ਚੁੰਮਦੀ ਸੀ। ਮਾਹਾਰਾਜਾ ਰਣਜੀਤ ਸਿੰਘ ਨੇ 1799 ਈਸਵੀ ਵਿੱਚ ਲਾਹੌਰ 'ਤੇ ਕਬਜ਼ਾ ਕਰਕੇ ਪੰਜਾਬ ਵਿੱਚ ਖਾਲਸਾ ਰਾਜ ਸਥਾਪਤ ਕੀਤਾ ਤੇ ਰਾਜ ਨੂੰ ਸਰਕਾਰ- ਏ-ਖਾਲਸਾ ਕਿਹਾ ਗਿਆ। ਸਿੱਖ ਰਾਜ ਦੀ ਸਥਾਪਨਾ ਦੇ ਸੁਪਨੇ ਨੂੰ ਸਾਕਾਰ ਕਰਨ ਵਾਲਾ 'ਸ਼ੇਰ-ਏ-ਪੰਜਾਬ ਮਾਹਾਰਾਜਾ ਰਣਜੀਤ ਸਿੰਘ'
ਗੋਆ ਦੇ ਸਮੁੰਦਰ ਕਿਨਾਰੇ ਪੰਜਾਬ ਦੀ ਜ਼ਮੀਨ 'ਤੇ ਮਾਨ ਸਰਕਾਰ ਨੇ ਲਿਆ ਵੱਡਾ ਐਕਸ਼ਨ
Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਆਉਣ ਵਾਲੇ ਸਮੇਂ ਵਿੱਚ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਕਿਉਂਕਿ ਭਗਵੰਤ ਮਾਨ ਸਰਕਾਰ ਨੇ ਗੋਆ ਦੇ ਸਮੁੰਦਰ ਨਾਲ ਲੱਗਦੀ ਪੰਜਾਬ ਸਰਕਾਰ ਦੀ ਕਰੋੜਾਂ ਰੁਪਏ ਦੀ ਜ਼ਮੀਨ ਬਾਰੇ ਵੱਡਾ ਫੈਸਲਾ ਲਿਆ ਹੈ। ਦਰਅਸਲ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਗੋਆ ਦੇ ਸਮੁੰਦਰ ਨਾਲ ਲੱਗਦੀ ਪੰਜਾਬ ਸਰਕਾਰ ਦੀ ਜ਼ਮੀਨ ਨੂੰ ਇੱਕ 5 ਤਾਰਾ ਹੋਟਲ ਨੂੰ ਲੀਜ਼ 'ਤੇ ਦੇ ਦਿੱਤਾ ਸੀ। ਗੋਆ ਦੇ ਸਮੁੰਦਰ ਕਿਨਾਰੇ ਪੰਜਾਬ ਦੀ ਜ਼ਮੀਨ 'ਤੇ ਮਾਨ ਸਰਕਾਰ ਨੇ ਲਿਆ ਵੱਡਾ ਐਕਸ਼ਨ
ਦਿੱਲੀ-ਯੂਪੀ ਸਮੇਤ ਇਨ੍ਹਾਂ ਰਾਜਾਂ 'ਚ ਮੀਂਹ ਦਾ ਅਲਰਟ! 30 ਜੂਨ ਤੋਂ ਬਦਲੇਗਾ ਮੌਸਮ
Weather Update Today: ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਮੈਦਾਨੀ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਹਾਲਾਂਕਿ ਕੁਝ ਥਾਵਾਂ 'ਤੇ ਲੋਕਾਂ ਨੂੰ ਪਾਣੀ ਭਰਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਾੜੀ ਇਲਾਕਿਆਂ ਵਿੱਚ ਮੀਂਹ ਲੋਕਾਂ ਲਈ ਆਫ਼ਤ ਬਣ ਗਿਆ ਹੈ। ਮੌਸਮ ਵਿਭਾਗ ਮੁਤਾਬਕ ਜ਼ੋਰਦਾਰ ਬਾਰਿਸ਼ ਦੀ ਤੀਬਰਤਾ 29 ਜੂਨ ਤੱਕ ਜਾਰੀ ਰਹਿ ਸਕਦੀ ਹੈ ਅਤੇ 30 ਜੂਨ ਤੋਂ ਇਸ ਦੇ ਹੌਲੀ-ਹੌਲੀ ਘੱਟ ਹੋਣ ਦੀ ਸੰਭਾਵਨਾ ਹੈ। ਦਿੱਲੀ-ਯੂਪੀ ਸਮੇਤ ਇਨ੍ਹਾਂ ਰਾਜਾਂ 'ਚ ਮੀਂਹ ਦਾ ਅਲਰਟ! 30 ਜੂਨ ਤੋਂ ਬਦਲੇਗਾ ਮੌਸਮ
- - - - - - - - - Advertisement - - - - - - - - -