Afghanistan crisis: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਬੁੱਧਵਾਰ (11 ਦਸੰਬਰ) ਨੂੰ ਹੋਏ ਆਤਮਘਾਤੀ ਹਮਲੇ ਨੇ ਤਾਲਿਬਾਨ ਸਰਕਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ ਤਾਲਿਬਾਨ ਸਰਕਾਰ ਦੇ ਸ਼ਰਨਾਰਥੀ ਮੰਤਰੀ ਖਲੀਲ ਉਰ ਰਹਿਮਾਨ ਹੱਕਾਨੀ ਅਤੇ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਇਹ ਹਮਲਾ ਮੰਤਰਾਲੇ ਦੇ ਅੰਦਰ ਹੋਇਆ, ਜਿਸ ਨੂੰ ਤਾਲਿਬਾਨ ਲਈ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਖਲੀਲ ਹੱਕਾਨੀ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰੀ ਸਿਰਾਜੂਦੀਨ ਹੱਕਾਨੀ ਦੇ ਚਾਚਾ ਸਨ। ਸਿਰਾਜੁਦੀਨ ਨੂੰ ਤਾਲਿਬਾਨ ਦਾ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਅਤੇ ਸੰਗਠਨ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ।
ਤਾਲਿਬਾਨ ਨੇ ਤਿੰਨ ਸਾਲ ਪਹਿਲਾਂ ਕਾਬੁਲ 'ਚ ਸੱਤਾ 'ਤੇ ਕਬਜ਼ਾ ਕਰ ਲਿਆ ਸੀ ਪਰ ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਉਸ ਦੇ ਕਿਸੇ ਵੱਡੇ ਨੇਤਾ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਖਲੀਲ ਹੱਕਾਨੀ ਇਕ ਮਹਾਨ ਯੋਧਾ ਸੀ ਜਿਨ੍ਹਾਂ ਨੇ ਇਸਲਾਮ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਮਾਹਿਰਾਂ ਮੁਤਾਬਕ ਇਹ ਹਮਲਾ ਤਾਲਿਬਾਨ ਲਈ ਵੱਡਾ ਝਟਕਾ ਹੈ ਕਿਉਂਕਿ ਇਹ ਸਰਕਾਰ ਵਿਰੁੱਧ ਵੱਧ ਰਹੇ ਅਸੰਤੋਸ਼ ਨੂੰ ਦਰਸਾਉਂਦਾ ਹੈ।
ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਹਮਲੇ ਦੀ ਕੀਤੀ ਸਖ਼ਤ ਨਿੰਦਾ
ਹਮਲੇ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਘਟਨਾ ਦੀ ਸਖ਼ਤ ਨਿੰਦਾ ਕੀਤੀ ਅਤੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ। ਡਾਰ ਨੇ ਕਿਹਾ ਕਿ ਪਾਕਿਸਤਾਨ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦਾ ਹੈ ਅਤੇ ਕਾਬੁਲ ਦੇ ਸੰਪਰਕ 'ਚ ਹੈ। ਹਾਲਾਂਕਿ ਖਬਰਾਂ ਮੁਤਾਬਕ ਖਲੀਲ ਹੱਕਾਨੀ ਪਾਕਿਸਤਾਨ ਤੋਂ ਨਾਰਾਜ਼ ਸਨ। ਇਹ ਨਾਰਾਜ਼ਗੀ ਹਮਲੇ ਦਾ ਵੱਡਾ ਕਾਰਨ ਹੋ ਸਕਦੀ ਹੈ।
ਇਸਲਾਮਿਕ ਸਟੇਟ ਅਤੇ ਤਾਲਿਬਾਨ ਦੀ ਦੁਸ਼ਮਣੀ
ਤਾਲਿਬਾਨ ਦਾ ਮੁੱਖ ਵਿਰੋਧੀ ਇਸਲਾਮਿਕ ਸਟੇਟ ਨਾਲ ਜੁੜਿਆ ਅੱਤਵਾਦੀ ਸੰਗਠਨ ਇਸ ਨੂੰ ਲਗਾਤਾਰ ਨਿਸ਼ਾਨਾ ਬਣਾਉਂਦਾ ਰਿਹਾ ਹੈ। ਹਾਲੀਆ ਆਤਮਘਾਤੀ ਹਮਲਿਆਂ ਵਿਚ ਇਸ ਸੰਗਠਨ ਦੇ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਸਤੰਬਰ 'ਚ ਇਸੇ ਸੰਗਠਨ ਨੇ ਕਾਬੁਲ 'ਚ ਬੰਬ ਧਮਾਕੇ 'ਚ 6 ਲੋਕਾਂ ਦੀ ਜਾਨ ਲੈ ਲਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ। ਇਹ ਸੰਗਠਨ ਹੁਣ ਸ਼ੀਆ ਮੁਸਲਿਮ ਘੱਟ ਗਿਣਤੀਆਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ ਜੋ ਅਫਗਾਨਿਸਤਾਨ ਵਿੱਚ ਪਹਿਲਾਂ ਹੀ ਕਮਜ਼ੋਰ ਸਥਿਤੀ ਵਿੱਚ ਹਨ।
ਔਰਤਾਂ ਦੇ ਮੁੱਦੇ 'ਤੇ ਵਧਦਾ ਵਿਵਾਦ
ਮਾਹਿਰਾਂ ਦਾ ਮੰਨਣਾ ਹੈ ਕਿ ਖਲੀਲ ਹੱਕਾਨੀ ਦੀ ਮੌਤ ਦਾ ਕਾਰਨ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਨੂੰ ਲੈ ਕੇ ਉਨ੍ਹਾਂ ਦੇ ਹਾਲੀਆ ਵਿਵਾਦਿਤ ਬਿਆਨ ਹੋ ਸਕਦੇ ਹਨ। ਕ੍ਰਾਈਸਿਸ ਗਰੁੱਪ ਦੇ ਸਾਊਥ ਏਸ਼ੀਆ ਪ੍ਰੋਗਰਾਮ ਦੇ ਵਿਸ਼ਲੇਸ਼ਕ ਇਬਰਾਹਿਮ ਬਹੀਸ ਮੁਤਾਬਕ ਗ੍ਰਹਿ ਮੰਤਰੀ ਸਿਰਾਜੂਦੀਨ ਹੱਕਾਨੀ ਨੇ ਇਨ੍ਹਾਂ ਬਿਆਨਾਂ ਦੀ ਆਲੋਚਨਾ ਕੀਤੀ ਸੀ। ਹਾਲਾਂਕਿ ਇਹ ਘਟਨਾ ਤਾਲਿਬਾਨ ਵਿੱਚ ਘਰੇਲੂ ਯੁੱਧ ਵਰਗੀ ਸਥਿਤੀ ਨੂੰ ਦਰਸਾਉਂਦੀ ਨਹੀਂ ਹੈ, ਪਰ ਸੱਤਾ ਬਰਕਰਾਰ ਰੱਖਣ ਦੀ ਲੜਾਈ ਯਕੀਨੀ ਤੌਰ 'ਤੇ ਤੇਜ਼ ਹੋ ਗਈ ਹੈ।