ਮੁਕਤਸਰ: ਜੇ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਪ੍ਰਸ਼ਾਂਤ ਕਿਸ਼ੋਰ ਲੈ ਰਿਹਾ ਹੈ ਤਾਂ ਸੁਨੀਲ ਜਾਖੜ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਹੀਂ ਰਹੀ ਹੈ ਇਹ ਪੰਜਾਬ ਪ੍ਰਦੇਸ਼ ਕਾਰਪੋਰੇਟ ਕਮੇਟੀ ਬਣ ਗਈ ਹੈ। ਇਹ ਸਭ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਹੈ। 

 

ਉਨ੍ਹਾਂ ਕਿਹਾ ਕਿ ਇਹ ਡਬਲ ਇੰਜਨ ਵਾਲੀ ਸਰਕਾਰ ਬਣ ਗਈ ਹੈ, ਜੋ ਪੰਜਾਬ ਨੂੰ ਬੀਜੇਪੀ ਨਾਲ ਰਲ ਕੇ ਚਲਾ ਰਹੀ ਹੈ। ਮਜੀਠੀਆ ਨੇ ਕਿਹਾ ਐਫਸੀਆਈ ਨੇ ਪਹਿਲਾਂ ਵੀ ਬਾਦਲ ਸਰਕਾਰ ਸਮੇਂ ਇਹ ਫਰਮਾਨ ਕੱਢਿਆ ਸੀ ਓਦੋਂ ਮਨਮੋਹਨ ਸਿੰਘ ਸਰਕਾਰ ਨੂੰ ਫੈਸਲਾ ਵਾਪਿਸ ਲੈਣਾ ਪਿਆ ਸੀ। 

 

ਉਨ੍ਹਾਂ ਕਿਹਾ ਅੱਜ ਵੀ ਮੈਂ ਬੇਨਤੀ ਕਰਦਾ ਹਾਂ ਕਿ ਕੈਪਟਨ ਸਾਹਿਬ ਆਪਣੇ ਫਾਰਮ ਹਾਊਸ 'ਚੋਂ ਬਾਹਰ ਨਿਕਲੋ ਅਤੇ ਪੰਜਾਬ ਦੇ ਲੋਕਾਂ ਦਾ ਮਸਲਾ ਹਲ ਕਰੋ। ਮਜੀਠੀਆ ਮੁਤਾਬਕ ਪੰਜਾਬ ਸਰਕਾਰ ਕੋਰੋਨਾ ਦੇ ਮਾਮਲੇ 'ਚ ਫੇਲ੍ਹ ਸਾਬਿਤ ਹੋਈ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਦੇ ਮਹਿਕਮੇ ਦੀ ਪੋਲ ਓਦੋਂ ਖੁੱਲ੍ਹ ਗਈ ਜਦੋਂ ਸਰਕਾਰ ਦੇ ਹੀ ਮੰਤਰੀਆਂ ਤੇ ਵਿਧਾਇਕਾਂ ਨੇ ਫੋਰਟਿਸ ਵਰਗੇ ਪ੍ਰਾਈਵੇਟ ਹਸਪਤਾਲਾਂ 'ਚ ਜਾ ਕੇ ਇਲਾਜ ਕਰਾਇਆ। 

 

ਉਨ੍ਹਾਂ ਕਿਹਾ ਮੁੱਖ ਮੰਤਰੀ ਕੈਪਟਨ ਆਪਣੇ ਦਫਤਰ ਨਹੀਂ  ਜਾਂਦੇ। ਲੋਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਜਦੋਂ ਕੈਪਟਨ ਨੇ ਜ਼ਿੰਮੇਵਾਰੀ ਸੰਭਾਲਣੀ ਸੀ ਤਾਂ ਉਹ ਘਰ 'ਚ ਵੜ ਗਏ ਹਨ। ਅੱਜ ਇਸੇ ਫੇਲੀਅਰ ਕਰਕੇ ਕਾਂਗਰਸ ਦੇ ਵਿਧਾਇਕਾਂ ਦੀ ਮੀਟਿੰਗ ਪ੍ਰਸ਼ਾਂਤ ਕਿਸ਼ੋਰ ਕਰ ਰਿਹਾ ਹੈ। ਜਾਖੜ ਨੂੰ ਚਾਹੀਦਾ ਹੈ ਕਿ ਉਹ ਕੇਰਲਾ ਜਾ ਕੇ ਰਾਹੂਲ ਗਾਂਧੀ ਨੂੰ ਲੱਭਣ ਅਤੇ ਆਪਣਾ ਅਸਤੀਫਾ ਦੇ ਕੇ ਆਉਣ। 

 

ਬਿਕਰਮ ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਲੈਂਡ ਮਾਫੀਆ ਕਿਸਾਨਾਂ ਦੀ ਜ਼ਮੀਨ ਦੱਬਣ ਨੂੰ ਫਿਰਦਾ ਹੈ। ਬਾਦਲ ਸਾਹਿਬ ਦੀ ਸਰਕਾਰ ਸਮੇਂ ਕਿਸਾਨਾਂ ਨੂੰ ਜਿੰਨੇ ਵੀ ਹਾਈਵੇਅ ਬਣੇ ਉਸ ਸਮੇਂ ਜ਼ਮੀਨ ਦਾ ਸਹੀ ਮੁੱਲ ਦਿੱਤਾ ਗਿਆ ਸੀ।