Punjab Breaking News, 17 January 2022 LIVE Updates: ਕੋਰੋਨਾ ਦੀ ਬੇਕਾਬੂ ਰਫ਼ਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ 2 ਲੱਖ 58 ਹਜ਼ਾਰ 89 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸ ਮਹਾਂਮਾਰੀ ਕਾਰਨ 385 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਸੇ ਦੌਰਾਨ 1 ਲੱਖ 51 ਹਜ਼ਾਰ 740 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਦੇ ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ ਦੇਸ਼ ਵਿੱਚ ਐਕਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ ਵੱਧ ਕੇ 16 ਲੱਖ 56 ਹਜ਼ਾਰ 341 ਹੋ ਗਈ ਹੈ।


ਦੱਸ ਦਈਏ ਕਿ ਇਸ ਮਹਾਮਾਰੀ ਕਾਰਨ ਹੁਣ ਤੱਕ 4 ਲੱਖ 86 ਹਜ਼ਾਰ 451 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਜਦੋਂਕਿ ਓਮੀਕ੍ਰੋਨ ਦੇ ਕੁੱਲ ਕੇਸ ਵੱਧ ਕੇ 8 ਹਜ਼ਾਰ 209 ਹੋ ਗਏ ਹਨ। ਇੱਥੇ ਦੱਸ ਦੇਈਏ ਕਿ ਦੇਸ਼ 'ਚ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਹੁਣ ਤੱਕ 157 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ।


ਐਤਵਾਰ ਨੂੰ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ 18,286 ਮਾਮਲੇ ਸਾਹਮਣੇ ਆਏ ਤੇ 28 ਮਰੀਜ਼ਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਨਫੈਕਸ਼ਨ ਦੀ ਦਰ ਘਟ ਕੇ 27.87 ਫੀਸਦੀ ਰਹਿ ਗਈ, ਜੋ ਇੱਕ ਦਿਨ ਪਹਿਲਾਂ 30.64 ਫੀਸਦੀ ਸੀ। ਸ਼ਨੀਵਾਰ ਨੂੰ ਦਿੱਲੀ ਵਿੱਚ ਸੰਕਰਮਣ ਦੇ 20,718 ਮਾਮਲੇ ਸਾਹਮਣੇ ਆਏ ਤੇ 30 ਮਰੀਜ਼ਾਂ ਦੀ ਮੌਤ ਹੋ ਗਈ। ਜਦੋਂਕਿ ਸ਼ੁੱਕਰਵਾਰ ਨੂੰ 67,624 ਟੈਸਟ ਕੀਤੇ ਗਏ ਜਦੋਂਕਿ ਵੀਰਵਾਰ ਨੂੰ 79,578 ਟੈਸਟ ਕੀਤੇ ਗਏ।


ਉਧਰ, ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ-19 ਦੇ ਕਥਿਤ 'ਘੱਟ' ਟੈਸਟਿੰਗ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿੱਚ ਇੱਥੇ ICMR ਦੀ ਸਿਫ਼ਾਰਸ਼ ਤੋਂ ਤਿੰਨ ਗੁਣਾ ਵੱਧ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ।