(Source: ECI/ABP News/ABP Majha)
ਪੰਜਾਬ 'ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ, 24,689 ਪੋਲਿੰਗ ਬੂਥ ਹੋਣਗੇ ਸਥਾਪਤ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਮੰਗਲਵਾਰ ਨੂੰ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ 24,689 ਪੋਲਿੰਗ ਬੂਥ ਸਥਾਪਤ ਕੀਤੇ ਜਾਣਗੇ। 1,200 ਦੀ ਆਬਾਦੀ ਲਈ ਇੱਕ ਬੂਥ ਹੋਵੇਗਾ।
ਕੋਵਿਡ ਸਥਿਤੀ ਦਾ ਨੋਟਿਸ ਲੈਂਦੇ ਹੋਏ, ਪ੍ਰਤੀ ਬੂਥ ਵੋਟਰਾਂ ਦੀ ਗਿਣਤੀ 1,400 ਤੋਂ ਘਟਾ ਕੇ 1,200 ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਕਮਿਸ਼ਨ ਵੋਟਿੰਗ ਲਈ ਪੀਪੀਈ ਕਿੱਟਾਂ, ਦਸਤਾਨੇ, ਮਾਸਕ, ਆਦਿ ਸਮੇਤ ਕੋਵਿਡ ਸੁਰੱਖਿਆ ਦੇ ਵਿਸਤ੍ਰਿਤ ਪ੍ਰਬੰਧ ਕਰੇਗਾ।
ਅਕਾਲੀ ਦਲ ਨੇ ਖਿੱਚੀ ਪੂਰੀ ਤਿਆਰੀ
ਓਧਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੈਦਾਨ ਚ ਪੂਰੀ ਤਰ੍ਹਾਂ ਡਟ ਚੁੱਕਿਆ ਹੈ। ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ ਅਕਾਲੀ ਦਲ ਨੇ 64 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
ਫ਼ਿਰੋਜ਼ਪੁਰ ਸੀਟ ਤੋਂ ਲੋਕ ਸਭਾ ਮੈਂਬਰ ਅਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਖੁਦ ਇਸ ਚੋਣ ਵਿੱਚ ਮੈਦਾਨ ਵਿੱਚ ਹੋਣਗੇ। ਉਨ੍ਹਾਂ ਨੇ ਮਾਲਵਾ ਪੱਛਮੀ ਜ਼ੋਨ ਦੀ ਜਲਾਲਾਬਾਦ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ।
ਕਿਸ ਨੂੰ ਕਿਥੋਂ ਦੀ ਟਿਕਟ ਮਿਲੀ?
ਪਾਰਟੀ ਨੇ ਗੁਰਬਚਨ ਸਿੰਘ ਬੱਬੇਹਾਲੀ ਨੂੰ ਗੁਰਦਾਸਪੁਰ ਸੀਟ ਤੋਂ ਉਮੀਦਵਾਰ ਬਣਾਇਆ ਹੈ। ਉਨ੍ਹਾਂ ਤੋਂ ਇਲਾਵਾ, ਅੰਮ੍ਰਿਤਸਰ ਉੱਤਰੀ ਤੋਂ ਅਨਿਲ ਜੋਸ਼ੀ, ਅੰਮ੍ਰਿਤਸਰ ਪੱਛਮੀ ਤੋਂ ਡਾਕਟਰ ਦਲਬੀਰ ਸਿੰਘ ਵਰਕਾ ਅਤੇ ਅੰਮ੍ਰਿਤਸਰ ਦੱਖਣ ਤੋਂ ਤਲਬੀਰ ਸਿੰਘ ਗਿੱਲ ਨੂੰ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਗਿਆ ਹੈ।
ਅਕਾਲੀ ਪਾਰਟੀ ਨੇ ਲੁਧਿਆਣਾ ਕੇਂਦਰੀ ਸੀਟ ਲਈ ਪ੍ਰੀਤਪਾਲ ਸਿੰਘ ਪਾਲੀ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਲੁਧਿਆਣਾ ਪੱਛਮੀ ਤੋਂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਲੁਧਿਆਣਾ ਪੂਰਬੀ ਤੋਂ ਰਣਜੀਤ ਸਿੰਘ ਗਿੱਲ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਮੱਖਣ ਬਰਜਿੰਦਰ ਸਿੰਘ ਨੂੰ ਮੋਗਾ ਸੀਟ ਤੋਂ ਅਤੇ ਜੋਗਿੰਦਰ ਸਿੰਘ ਜਿੰਦੂ ਨੂੰ ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਪਾਰਟੀ ਨੇ ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਹੰਸਰਾਜ ਜੋਸਨ, ਫਰੀਦਕੋਟ ਤੋਂ ਪਰਮਬੰਸ ਸਿੰਘ ਬੰਟੀ ਰੋਮਾਣਾ, ਬਰਨਾਲਾ ਸੀਟ ਤੋਂ ਕੁਲਵਤ ਸਿੰਘ ਕਾਂਤਾ, ਪਟਿਆਲਾ ਦੀ ਨਾਭਾ ਸੀਟ ਤੋਂ ਕਬੀਰ ਦਾਸ ਅਤੇ ਪਟਿਆਲਾ ਦੀ ਸਨੌਰ ਸੀਟ ਤੋਂ ਹਰਿੰਦਰ ਸਿੰਘ ਚੰਦੂਮਾਜਰਾ ਨੂੰ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਹੈ।