ਚੰਡੀਗੜ੍ਹ: ਕਾਂਗਰਸ ਵਿਧਾਇਕ ਪੰਜਾਬ ਵਿਧਾਨਸਭਾ ਦੇ ਵਿਸ਼ੇਸ਼ ਸ਼ੈਸ਼ਨ 'ਚ ਹਿੱਸਾ ਨਹੀਂ ਲੈਣਗੇ। ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਇਸ ਬਾਰੇ ਐਲਾਨ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਲਈ ਏਜੰਡੇ ਦਾ ਖੁਲਾਸਾ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਬਾਦਲ ਤੋਂ ਭਰੋਸਾ ਮੰਗਿਆ ਹੈ ਕਿ ਵਿਸ਼ੇਸ਼ ਸੈਸ਼ਨ ਦੌਰਾਨ ਪਾਸ ਕੀਤੇ ਗਏ ਕਿਸੇ ਵੀ ਕਾਨੂੰਨ ਨੂੰ ਰਾਜਪਾਲ ਤੇ ਕੇਂਦਰ ‘ਚ ਭਾਰਤੀ ਜਨਤਾ ਪਾਰਟੀ ਦੀ ਮਨਜ਼ੂਰੀ ਮਿਲੇਗੀ।

ਮੁੱਖ ਮੰਤਰੀ ਬਾਦਲ ਦੀ ਕਾਂਗਰਸ ਨੂੰ 16 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ੇਸ਼ ਸੈਸ਼ਨ ‘ਚ ਹਿੱਸਾ ਲੈਣ ਦੀ ਅਪੀਲ ਬਾਰੇ ਕੈਪਟਨ ਅਮਰਿੰਦਰ ਨੇ ਪੁੱਛਿਆ ਹੈ ਕਿ ਕੀ ਅਕਾਲੀ ਸਰਕਾਰ ਨੇ ਉਕਤ ਮਾਮਲੇ ‘ਚ ਰਾਜਪਾਲ ਸਮੇਤ ਆਪਣੀ ਭਾਈਵਾਲ ਪਾਰਟੀ ਬੀਜੇਪੀ ਤੋਂ ਮਨਜ਼ੂਰੀ ਲਈ ਹੈ, ਤਾਂ ਜੋ ਉਹ ਐਸ.ਵਾਈ.ਐਲ ਬਾਰੇ ਨਵੇਂ ਕਾਨੂੰਨ ਰਾਹੀਂ ਪਾਣੀਆਂ ‘ਤੇ ਪੰਜਾਬ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕਰ ਸਕਣ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਹਮੇਸ਼ਾ ਤੋਂ ਸੂਬੇ ਦੇ ਪਾਣੀ ਨੂੰ ਬਚਾਉਣ ਖਾਤਰ ਸਰਕਾਰ ਦੇ ਹਰ ਕਦਮ ਦਾ ਸਮਰਥਨ ਕੀਤਾ ਹੈ ਪਰ ਇਸ ਮਾਮਲੇ ‘ਚ ਸਰਕਾਰ ਦਾ ਕੋਈ ਵਿਖਾਵਾ ਨਾ ਹੋ ਕੇ ਏਜੰਡੇ ਦੀ ਸਪੱਸ਼ਟਤਾ ਤੇ ਨਵੇਂ ਕਾਨੂੰਨ ਨੂੰ ਰਾਜਪਾਲ ਵੱਲੋਂ ਮਨਜ਼ੂਰ ਕਰਨ ਦੇ ਭਰੋਸੇ ਬਗੈਰ ਵਿਸ਼ੇਸ਼ ਸੈਸ਼ਨ ‘ਚ ਹਿੱਸਾ ਲੈਣ ‘ਤੇ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ।