ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਜਲਦ ਛੁੱਟੀ ਹੋ ਸਕਦੀ ਹੈ। ਛੋਟੇਪੁਰ ਨੂੰ ਲੈ ਕੇ ਪਾਰਟੀ ਕਾਰਵਾਈ ਕਰਨ ਦੀ ਤਿਆਰੀ 'ਚ ਹੈ। ਅੱਜ ਇਸ ਮਾਮਲੇ ਤੇ ਆਪ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਹੋਣੀ ਹੈ। ' ਆਪ' ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਜਰਨੈਲ ਸਿੰਘ ਮੁਤਾਬਕ ਪਾਰਟੀ 'ਚ ਭ੍ਰਿਸ਼ਟਾਚਰ ਤੇ ਕ੍ਰਿਮੀਨਲ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਇਸ ਮਾਮਲੇ ਨੂੰ ਲੈ ਕੇ ਕੇਜਰੀਵਾਲ ਨਾਲ ਮੀਟਿੰਗ ਕਰਨ ਦੀ ਗੱਲ ਕਹੀ ਹੈ। ਹਾਲਾਂਕਿ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਅਜੇ ਇਲਜ਼ਾਮਾਂ ਵਾਲੀ ਵਿਵਾਦਤ ਸੀਡੀ ਨਹੀਂ ਦੇਖੀ ਹੈ। ਸੂਤਰਾਂ ਮੁਤਾਬਕ ਛੋਟੇਪੁਰ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਾਹਮਣੇ ਪੈਸੇ ਲੈਣ ਦੀ ਗੱਲ ਕਬੂਲ ਲਈ ਹੈ।

 

 

 

ਇਸ ਪੂਰੇ ਮਾਮਲੇ 'ਤੇ ਜਦ ਏਬੀਪੀ ਸਾਂਝਾ ਨੇ ਸੁੱਚਾ ਸਿੰਘ ਛੋਟੇਪੁਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕੁੱਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ। ਛੋਟੇਪੁਰ ਮੁਤਾਬਕ ਉਹ ਜਲਦ ਪ੍ਰੈੱਸ ਕਾਨਫਰੰਸ ਕਰ ਸੀਡੀ ਮਾਮਲੇ 'ਤੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ। ਜਿਕਰਯੋਗ ਹੈ ਕਿ 'ਆਪ' ਦੇ ਪੰਜਾਬ ਕਨਵੀਨਰ ਸੁੱਚਾ ਸਿੰਘ 'ਤੇ ਪੈਸੇ ਲੈਣ ਦਾ ਇਲਜ਼ਾਮ ਲਗਾਉਂਦਿਆਂ ਇੱਕ ਸੀਡੀ ਵਾਇਰਲ ਹੋਈ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹ ਇਸ ਸੀਡੀ ਨੂੰ ਝੂਠ ਕਰਾਰ ਦੇ ਚੁੱਕੇ ਹਨ।