ਚੰਡੀਗੜ੍ਹ: ਪੰਜਾਬ 'ਚ ਆਉਣ ਵਾਲੇ ਹੋਰ 2 ਦਿਨ ਤੱਕ ਮੌਸਮ ਦਾ ਮਿਜਾਜ਼ ਠੰਡਾ ਰਹੇਗਾ। ਮੌਸਮ ਵਿਭਾਗ ਮੁਤਾਬਕ ਕੱਲ੍ਹ ਤੋਂ ਸ਼ੁਰੂ ਹੋਈ ਵਰਖਾ 2 ਦਿਨ ਹੋਰ ਜਾਰੀ ਰਹੇਗੀ। ਇਸ ਦੇ ਨਾਲ ਹੀ ਹਰਿਆਣਾ ਤੇ ਚੰਡੀਗੜ੍ਹ ’ਚ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਹਾਲਾਂਕਿ ਇੱਥੇ ਅਜੇ ਮੌਨਸੂਨ ਨੇ ਤੇਜ਼ੀ ਨਹੀਂ ਦਿਖਾਈ ਹੈ। ਪਰ ਫਿਰ ਵੀ ਇਸ ਮੀਂਹ ਨਾਲ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ।
ਮੌਸਮ ਵਿਭਾਗ ਮੁਤਾਬਕ ਬੇਸ਼ੱਕ ਮਾਨਸੂਨ ਆ ਚੁੱਕਾ ਹੈ ਪਰ ਪੰਜਾਬ ’ਚ 11 ਫ਼ੀਸਦੀ ਘੱਟ ਮੀਂਹ ਪਏ ਹਨ। 28 ਜੁਲਾਈ ਤੱਕ 210 ਮਿਲੀ ਮੀਟਰ ਮੀਂਹ ਪੈਣਾ ਚਾਹੀਦਾ ਸੀ, ਜਦਕਿ ਸਿਰਫ਼ 186.7 ਮਿਲੀ ਮੀਟਰ ਮੀਂਹ ਹੀ ਪਿਆ ਹੈ। ਮਾਹਿਰਾਂ ਮੁਤਾਬਕ ਮੀਂਹ ’ਚ 11 ਫ਼ੀਸਦੀ ਦੀ ਕਮੀ ਨੂੰ ਵੀ ਆਮ ਵਾਂਗ ਮੰਨਿਆ ਜਾਂਦਾ ਹੈ। ਵਿਭਾਗ ਮੁਤਾਬਕ ਆਉਣ ਵਾਲੇ 2 ਦਿਨ ਦੌਰਾਨ ਸੂਬੇ ਦੇ ਹੁਸ਼ਿਆਰਪੁਰ, ਤਰਨ ਤਾਰਨ, ਮੁਕਤਸਰ ਤੇ ਬਠਿੰਡਾ ਸਮੇਤ ਹੋਰ ਹਿੱਸਿਆਂ ’ਚ ਭਾਰੀ ਮੀਂਹ ਪੈ ਸਕਦਾ ਹੈ।